HomeCanadaਗੋਲੀਬਾਰੀ ਮਾਮਲੇ ਵਿੱਚ ਸੁਣਾਈ ਸਜ਼ਾ ਨਾਕਾਫ਼ੀ, ਸਰੀ ਵਾਸੀਆਂ ਦੀ ਸੁਰੱਖਿਆ ਲਈ ਮਜ਼ਬੂਤ...

ਗੋਲੀਬਾਰੀ ਮਾਮਲੇ ਵਿੱਚ ਸੁਣਾਈ ਸਜ਼ਾ ਨਾਕਾਫ਼ੀ, ਸਰੀ ਵਾਸੀਆਂ ਦੀ ਸੁਰੱਖਿਆ ਲਈ ਮਜ਼ਬੂਤ ਆਵਾਜ਼ ਉਠਾਉਣੀ ਚਾਹੀਦੀ ਹੈ: ਹੋਨਵੀਰ ਰੰਧਾਵਾ

ਸਰੀ, ਬੀ.ਸੀ. (ਰਵੀ ਕਾਂਤ ਸ਼ਰਮਾ) – ਸਰੀ ਵਿੱਚ ਕਥਿਤ ਜਬਰਨ ਵਸੂਲੀ (ਐਕਸਟੋਰਸ਼ਨ) ਨਾਲ ਜੁੜੇ ਗੋਲੀਬਾਰੀ ਮਾਮਲੇ ਵਿੱਚ ਤਿੰਨ ਵਿਦੇਸ਼ੀ ਨਾਗਰਿਕਾਂ ਨੂੰ ਸੁਣਾਈ ਗਈ ਸਜ਼ਾ ‘ਤੇ ਪ੍ਰਤੀਕਿਰਿਆ ਦਿੰਦਿਆਂ ਸਰੀ ਦੇ ਮੇਅਰ ਅਹੁਦੇ ਦੇ ਉਮੀਦਵਾਰ ਅਤੇ ਕਨਜ਼ਰਵੇਟਿਵ ਆਗੂ ਹੋਨਵੀਰ ਰੰਧਾਵਾ ਨੇ ਕਿਹਾ ਕਿ ਇਹ ਸਜ਼ਾ ਅਪਰਾਧ ਦੀ ਗੰਭੀਰਤਾ ਦੇ ਮੁਕਾਬਲੇ ਬਹੁਤ ਘੱਟ ਹੈ।

ਚੜ੍ਹਦੀਕਲਾ ਟਾਈਮ ਟੀਵੀ ਨਾਲ ਗੱਲਬਾਤ ਕਰਦਿਆਂ ਰੰਧਾਵਾ ਨੇ ਕਿਹਾ ਕਿ ਸਰੀ ਦੇ ਲੋਕ ਲਗਾਤਾਰ ਗੋਲੀਬਾਰੀ ਅਤੇ ਐਕਸਟੋਰਸ਼ਨ ਦੀਆਂ ਘਟਨਾਵਾਂ ਕਾਰਨ ਚਿੰਤਤ ਹਨ ਅਤੇ ਅਜਿਹੇ ਮਾਮਲਿਆਂ ਵਿੱਚ ਦਿੱਤੀਆਂ ਜਾਣ ਵਾਲੀਆਂ ਸਜ਼ਾਵਾਂ ਲੋਕਾਂ ਵਿੱਚ ਭਰੋਸਾ ਪੈਦਾ ਕਰਨ ਲਈ ਕਾਫ਼ੀ ਨਹੀਂ ਹਨ।

ਉਨ੍ਹਾਂ ਕਿਹਾ ਕਿ ਇਸ ਮੁੱਦੇ ਉੱਤੇ ਸਰੀ ਸ਼ਹਿਰ ਦੀ ਮੇਅਰ ਨੂੰ ਖੁੱਲ੍ਹ ਕੇ ਬੋਲਣਾ ਚਾਹੀਦਾ ਹੈ ਅਤੇ ਸੂਬਾਈ ਅਤੇ ਫੈਡਰਲ ਸਰਕਾਰਾਂ ਕੋਲ ਸਖ਼ਤ ਕਾਨੂੰਨਾਂ ਅਤੇ ਕੜੀਆਂ ਸਜ਼ਾਵਾਂ ਦੀ ਮੰਗ ਕਰਨੀ ਚਾਹੀਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਸਰੀ ਦੇ ਨਿਵਾਸੀ ਆਪਣੀ ਸੁਰੱਖਿਆ ਨੂੰ ਲੈ ਕੇ ਫਿਕਰਮੰਦ ਹਨ ਤਾਂ ਸ਼ਹਿਰ ਦੇ ਚੁਣੇ ਹੋਏ ਮੇਅਰ ਨੂੰ ਉਨ੍ਹਾਂ ਦੀ ਆਵਾਜ਼ ਬਣਨਾ ਚਾਹੀਦਾ ਹੈ।

ਰੰਧਾਵਾ ਨੇ ਕਿਹਾ ਕਿ ਸਰੀ ਵਿੱਚ ਕਾਰੋਬਾਰੀਆਂ ਅਤੇ ਪਰਿਵਾਰਾਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਣਾ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਉਨ੍ਹਾਂ ਨੂੰ ਆਉਣ ਵਾਲੀਆਂ ਨਗਰ ਚੋਣਾਂ ਵਿੱਚ ਲੋਕਾਂ ਦਾ ਸਮਰਥਨ ਮਿਲਦਾ ਹੈ ਤਾਂ ਉਹ ਆਪਣੀ ਟੀਮ ਨਾਲ ਮਿਲ ਕੇ ਜਨ ਸੁਰੱਖਿਆ ਨੂੰ ਮਜ਼ਬੂਤ ਕਰਨ, ਅਪਰਾਧ ਵਿਰੁੱਧ ਸਖ਼ਤ ਰੁਖ ਅਪਣਾਉਣ ਅਤੇ ਸਰਕਾਰ ਦੇ ਵੱਖ-ਵੱਖ ਪੱਧਰਾਂ ਨਾਲ ਮਿਲ ਕੇ ਪ੍ਰਭਾਵਸ਼ਾਲੀ ਹੱਲ ਲੱਭਣ ਲਈ ਕੰਮ ਕਰਨਗੇ।

ਉਨ੍ਹਾਂ ਕਿਹਾ, “ਮੇਰਾ ਘਰ, ਮੇਰਾ ਕਾਰੋਬਾਰ ਅਤੇ ਮੇਰਾ ਪਰਿਵਾਰ ਸਰੀ ਵਿੱਚ ਹੈ। ਮੈਂ ਇਸ ਸ਼ਹਿਰ ਦੀ ਸੁਰੱਖਿਆ ਅਤੇ ਭਵਿੱਖ ਨੂੰ ਲੈ ਕੇ ਗੰਭੀਰ ਹਾਂ। ਮੈਂ ਚੁੱਪ ਬੈਠਣ ਵਾਲਾ ਨਹੀਂ ਹਾਂ ਅਤੇ ਸਰੀ ਦੇ ਲੋਕਾਂ ਦੀਆਂ ਚਿੰਤਾਵਾਂ ਨੂੰ ਹਰ ਮੰਚ ‘ਤੇ ਉਠਾਉਂਦਾ ਰਹਾਂਗਾ।”

ਰੰਧਾਵਾ ਨੇ ਸਰੀ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਨਗਰ ਚੋਣਾਂ ਵਿੱਚ ਆਪਣੀ ਵੋਟ ਰਾਹੀਂ ਸ਼ਹਿਰ ਦੀ ਦਿਸ਼ਾ ਤੈਅ ਕਰਨ ਅਤੇ ਜਨ ਸੁਰੱਖਿਆ ਨੂੰ ਇੱਕ ਅਹਿਮ ਚੋਣੀ ਮੁੱਦੇ ਵਜੋਂ ਵੇਖਣ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments