ਨਵੀਂ ਦਿੱਲੀ, 27 ਮਈ (ਪੋਸਟ ਬਿਊਰੋ):ਏਅਰ ਇੰਡੀਆ ਦੀ ਦਿੱਲੀ ਤੋਂ ਸੈਨ ਫਰਾਂਸਿਸਕੋ ਜਾ ਰਹੀ ਫਲਾਈਟ AI-173 ਨੂੰ ਤਕਨੀਕੀ ਖਰਾਬੀ ਕਾਰਨ ਉਡਾਣ ਭਰਨ ਤੋਂ ਕਰੀਬ 8 ਘੰਟਿਆਂ ਬਾਅਦ ਵਾਪਸ ਦਿੱਲੀ ਮੋੜ ਦਿੱਤਾ ਗਿਆ। ਬੁੱਧਵਾਰ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਵਾਨਾ ਹੋਈ ਇਸ ਉਡਾਣ ਵਿੱਚ ਲਗਭਗ 230 ਯਾਤਰੀ ਸਵਾਰ ਸਨ। ਜਾਣਕਾਰੀ ਮੁਤਾਬਕ ਜਦੋਂ ਜਹਾਜ਼ ਅੱਧੀ ਯਾਤਰਾ ਪੂਰੀ ਕਰ ਚੁੱਕਾ ਸੀ, ਉਸ ਸਮੇਂ ਪਾਇਲਟਾਂ ਨੂੰ ਤਕਨੀਕੀ ਖਰਾਬੀ ਦਾ ਇਸ਼ਾਰਾ ਮਿਲਿਆ। ਯਾਤਰੀਆਂ ਦੀ ਸੁਰੱਖਿਆ ਨੂੰ ਪਹਿਲ ਦਿੰਦਿਆਂ ਫਲਾਈਟ ਨੂੰ ਅੱਗੇ ਸੈਨ ਫਰਾਂਸਿਸਕੋ ਲਿਜਾਣ ਦੀ ਬਜਾਏ ਦਿੱਲੀ ਵਾਪਸ ਲਿਆਂਦਾ ਗਿਆ। ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਸਟੈਂਡਰਡ ਸੇਫਟੀ ਪ੍ਰੋਟੋਕੋਲ ਤਹਿਤ ਜਹਾਜ਼ ਨੂੰ ਸੁਰੱਖਿਅਤ ਤਰੀਕੇ ਨਾਲ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਲੈਂਡ ਕਰਵਾਇਆ ਗਿਆ। ਏਅਰਲਾਈਨ ਨੇ ਕਿਹਾ ਹੈ ਕਿ ਜਹਾਜ਼ ਦੀ ਹੁਣ ਵਿਸਥਾਰਪੂਰਵਕ ਤਕਨੀਕੀ ਜਾਂਚ ਕੀਤੀ ਜਾਵੇਗੀ ਤਾਂ ਜੋ ਖਰਾਬੀ ਦੇ ਕਾਰਨਾਂ ਦੀ ਪੂਰੀ ਜਾਣਕਾਰੀ ਮਿਲ ਸਕੇ। ਇਸ ਅਚਾਨਕ ਤਬਦੀਲੀ ਕਾਰਨ ਯਾਤਰੀਆਂ ਨੂੰ ਅਸੁਵਿਧਾ ਦਾ ਸਾਹਮਣਾ ਕਰਨਾ ਪਿਆ। ਏਅਰ ਇੰਡੀਆ ਨੇ ਯਾਤਰੀਆਂ ਤੋਂ ਖੇਦ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਲਈ ਰਹਿਣ-ਸਹਿਣ ਅਤੇ ਬਦਲਵੀਆਂ ਉਡਾਣਾਂ ਦੀ ਵਿਵਸਥਾ ਕੀਤੀ ਜਾ ਰਹੀ ਹੈ।
