
ਉਮੀਦਵਾਰ ਡਿਲਨ ਕ੍ਰੂਗਰ ਦੀ ਅਗਵਾਈ ਹੇਠ ਸਾਡੀ ਚੋਣ ਮੁਹਿੰਮ ਦਾ ਸ਼ਾਨਦਾਰ ਅਧਿਕਾਰਿਕ ਆਗਾਜ਼ ਕੀਤਾ ਗਿਆ। ਇਸ ਦੌਰਾਨ ਭਾਰੀ ਉਤਸ਼ਾਹ ਅਤੇ ਸਮਰਥਨ ਦੇਖਣ ਨੂੰ ਮਿਲਿਆ। ਕੈਸਕੇਡਜ਼ ਕਸੀਨੋ ਡੈਲਟਾ ਵਿੱਚ ਹੋਏ ਲਾਂਚ ਸਮਾਗਮ ਦੌਰਾਨ ਡਿਲਨ ਕ੍ਰੂਗਰ ਨੇ ਕਿਹਾ ਕਿ ਡੈਲਟਾ ਦੇਸ਼ ਦੀਆਂ ਸਭ ਤੋਂ ਵਧੀਆ ਕਮਿਊਨਿਟੀਆਂ ਵਿੱਚੋਂ ਇੱਕ ਹੈ ਅਤੇ ਉਹ ਮੰਨਦੇ ਹਨ ਕਿ ਇਸ ਸ਼ਹਿਰ ਲਈ ਹੋਰ ਵੀ ਬਹੁਤ ਸੰਭਾਵਨਾਵਾਂ ਮੌਜੂਦ ਹਨ।
ਉਨ੍ਹਾਂ ਕਿਹਾ ਕਿ “ਵਨ ਡੈਲਟਾ” ਟੀਮ ਵਿੱਚ ਵੱਖ-ਵੱਖ ਪਿਛੋਕੜਾਂ ਅਤੇ ਤਜਰਬਿਆਂ ਵਾਲੇ 13 ਉਮੀਦਵਾਰ ਸ਼ਾਮਲ ਹਨ, ਜਿਨ੍ਹਾਂ ਦਾ ਸਾਂਝਾ ਮਕਸਦ ਡੈਲਟਾ ਨੂੰ ਇੱਕਜੁੱਟ ਕਰਕੇ ਵਿਕਾਸ ਦੇ ਨਵੇਂ ਰਾਹ ‘ਤੇ ਲੈ ਜਾਣਾ ਹੈ। ਸਿਟੀ ਕੌਂਸਲ ਲਈ ਰੌਡ ਬਾਈਂਡਰ, ਜੈਨੀਫਰ ਜੋਹਲ ਅਤੇ ਡੈਨਿਯਲ ਬੋਇਸਵਰਟ ਦੁਬਾਰਾ ਚੋਣ ਮੈਦਾਨ ਵਿੱਚ ਹਨ। ਇਸਦੇ ਨਾਲ ਹੀ ਸਿਲਵੀਆ ਬਿਸ਼ਪ, ਸਾਰਾਹ ਗੈਲਪ ਅਤੇ ਪਵਨ ਜੋਸ਼ੀ ਨੂੰ ਵੀ ਉਮੀਦਵਾਰ ਵਜੋਂ ਸ਼ਾਮਲ ਕੀਤਾ ਗਿਆ ਹੈ। ਸਕੂਲ ਬੋਰਡ ਲਈ ਮਸਾਕੋ ਗੂਚ, ਅਮਨ ਢਿੱਲੋਂ ਅਤੇ ਵੈਲ ਵਿੰਡਸਰ ਦੇ ਨਾਲ ਗੁਰਿੰਦਰ ਕਾਹਲੋਂ, ਜੈਸੀ ਬੀਅਰਮੈਨ, ਸੁਰਜ ਉੱਪਲ ਅਤੇ ਤਮਾਰਾ ਬਿਸੈੱਟ-ਲਾਜ਼ਾ ਨੂੰ ਟੀਮ ਦਾ ਹਿੱਸਾ ਬਣਾਇਆ ਗਿਆ ਹੈ। ਡਿਲਨ ਕ੍ਰੂਗਰ ਨੇ ਆਪਣੀ ਚੋਣ ਮੁਹਿੰਮ ਦੇ ਮੁੱਖ ਵਾਅਦੇ ਵੀ ਲੋਕਾਂ ਸਾਹਮਣੇ ਰੱਖੇ। ਉਨ੍ਹਾਂ ਐਲਾਨ ਕੀਤਾ ਕਿ ਨਾਰਥ ਡੈਲਟਾ ਵਿੱਚ ਇੱਕ ਨਵਾਂ ਫੁੱਲ-ਸਰਵਿਸ ਰਿਕ੍ਰੀਏਸ਼ਨ ਸੈਂਟਰ ਬਣਾਇਆ ਜਾਵੇਗਾ, ਜਿਸ ਨਾਲ ਨੌਜਵਾਨਾਂ ਅਤੇ ਪਰਿਵਾਰਾਂ ਨੂੰ ਬਿਹਤਰ ਸਹੂਲਤਾਂ ਮਿਲਣਗੀਆਂ।ਇਸਦੇ ਨਾਲ ਹੀ ਪੈਟਰਸਨ ਪਾਰਕ ਨੂੰ ਇੱਕ ਵੱਡੇ ਇਵੈਂਟ ਸਪੇਸ ਵਜੋਂ ਵਿਕਸਤ ਕਰਨ ਦੀ ਯੋਜਨਾ ਵੀ ਪੇਸ਼ ਕੀਤੀ ਗਈ, ਜਿੱਥੇ ਭਵਿੱਖ ਵਿੱਚ ਕਨਸਰਟ, ਮੇਲੇ, ਨਾਈਟ ਮਾਰਕੀਟਾਂ ਅਤੇ ਕਮਿਊਨਿਟੀ ਸਮਾਗਮ ਕਰਵਾਏ ਜਾ ਸਕਣਗੇ।
ਕ੍ਰੂਗਰ ਨੇ ਇਹ ਵੀ ਕਿਹਾ ਕਿ
“ਵਨ ਡੈਲਟਾ” ਮੁਹਿੰਮ ਚਾਰ ਮੁੱਖ ਮੱਦੇਆਂ ‘ਤੇ ਕੇਂਦਰਿਤ ਰਹੇਗੀ — ਮਜ਼ਬੂਤ ਇਨਫਰਾਸਟ੍ਰਕਚਰ, ਜ਼ਿੰਮੇਵਾਰ ਆਰਥਿਕ ਵਿਕਾਸ, ਨੌਜਵਾਨਾਂ ਅਤੇ ਕਮਿਊਨਿਟੀ ਲਈ ਨਵੇਂ ਪ੍ਰੋਜੈਕਟ ਅਤੇ ਸਿਟੀ ਹਾਲ ਵਿੱਚ ਪਾਰਦਰਸ਼ਤਾ ਅਤੇ ਲੋਕਾਂ ਦਾ ਭਰੋਸਾ ਮੁੜ ਕਾਇਮ ਕਰਨਾ।
ਸਮਾਗਮ ਦੌਰਾਨ ਸਾਬਕਾ ਐਮਐਲਏ ਸਕਾਟ ਹੈਮਿਲਟਨ, ਸਾਬਕਾ ਸਕੂਲ ਬੋਰਡ ਚੇਅਰ ਲੌਰਾ ਡਿਕਸਨ ਅਤੇ ਸਾਬਕਾ ਕੌਂਸਲਰ ਬਰੂਸ ਮੈਕਡੋਨਾਲਡ ਨੇ ਵੀ ਡਿਲਨ ਕ੍ਰੂਗਰ ਅਤੇ ਉਨ੍ਹਾਂ ਦੀ ਟੀਮ ਨੂੰ ਆਪਣਾ ਸਮਰਥਨ ਦਿੱਤਾ।
ਅਖੀਰ ਵਿੱਚ ਡਿਲਨ ਕ੍ਰੂਗਰ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਡੈਲਟਾ ਨੂੰ ਮਜ਼ਬੂਤ ਬੁਨਿਆਦਾਂ ‘ਤੇ ਅੱਗੇ ਵਧਾਇਆ ਜਾਵੇ ਅਤੇ ਲੋਕਾਂ ਨੂੰ ਇਕੱਠਾ ਕਰਕੇ ਸ਼ਹਿਰ ਦਾ ਨਵਾਂ ਭਵਿੱਖ ਤਿਆਰ ਕੀਤਾ ਜਾਵੇ। ਸਿਆਸੀ ਵਿਸ਼ਲੇਸ਼ਕਾਂ ਮੁਤਾਬਕ “ਵਨ ਡੈਲਟਾ” ਦੀ ਇਹ ਸ਼ੁਰੂਆਤ ਆਉਣ ਵਾਲੀਆਂ ਮਿਊਂਸਪਲ ਚੋਣਾਂ ਨੂੰ ਹੋਰ ਦਿਲਚਸਪ ਬਣਾਉਣ ਵਾਲੀ ਹੈ ਅਤੇ ਹੁਣ ਡੈਲਟਾ ਦੀ ਸਿਆਸਤ ‘ਤੇ ਸਾਰਿਆਂ ਦੀ ਨਜ਼ਰ ਟਿਕੀ ਹੋਈ ਹੈ।