ਓਟਵਾ, 22 ਮਈ (ਨਿਊਜ਼ ਡੈਸਕ): ਕੈਨੇਡਾ ਦੀ ਫੈਡਰਲ ਸਰਕਾਰ ਅਗਲੇ ਮਹੀਨੇ ਤੋਂ ਮੁੜ “ਕੈਨੇਡਾ ਸਟਰਾਂਗ ਪਾਸ” ਯੋਜਨਾ ਸ਼ੁਰੂ ਕਰਨ ਜਾ ਰਹੀ ਹੈ। ਇਸ ਯੋਜਨਾ ਤਹਿਤ ਨਾਗਰਿਕਾਂ ਨੂੰ Via Rail ਯਾਤਰਾ, ਰਾਸ਼ਟਰੀ ਅਜਾਇਬ ਘਰਾਂ ਅਤੇ ਰਾਸ਼ਟਰੀ ਪਾਰਕਾਂ ਵਿੱਚ ਦਾਖ਼ਲੇ ਸਬੰਧੀ ਖਾਸ ਛੋਟਾਂ ਅਤੇ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਕੈਨੇਡੀਅਨ ਹੈਰੀਟੇਜ ਵੱਲੋਂ ਜਾਰੀ ਬਿਆਨ ਅਨੁਸਾਰ ਇਹ ਪਾਸ 19 ਜੂਨ ਤੋਂ 7 ਸਤੰਬਰ ਤੱਕ ਲਾਗੂ ਰਹੇਗਾ। ਇਸ ਦੌਰਾਨ ਪਾਰਕਸ ਕੈਨੇਡਾ ਦੇ ਸਾਰੇ ਸਥਾਨਾਂ ‘ਤੇ ਮੁਫ਼ਤ ਦਾਖ਼ਲਾ ਮਿਲੇਗਾ, ਜਦਕਿ ਕੈਂਪਿੰਗ ਫੀਸ ‘ਤੇ 25 ਫ਼ੀਸਦੀ ਰੀਫੰਡ ਦੀ ਵਿਵਸਥਾ ਵੀ ਕੀਤੀ ਜਾਵੇਗੀ।
Via Rail ਯਾਤਰਾ ਅਧੀਨ ਮਾਪਿਆਂ ਨਾਲ ਸਫ਼ਰ ਕਰਨ ਵਾਲੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮੁਫ਼ਤ ਯਾਤਰਾ ਦੀ ਸੁਵਿਧਾ ਮਿਲੇਗੀ, ਜਦਕਿ 18 ਤੋਂ 24 ਸਾਲ ਦੀ ਉਮਰ ਦੇ ਯਾਤਰੀਆਂ ਲਈ ਟਿਕਟਾਂ ‘ਤੇ 25 ਫ਼ੀਸਦੀ ਛੋਟ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ, ਕੈਨੇਡਾ ਦੇ ਰਾਸ਼ਟਰੀ ਅਜਾਇਬ ਘਰਾਂ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਦਾਖ਼ਲਾ ਮੁਫ਼ਤ ਹੋਵੇਗਾ ਅਤੇ 18 ਤੋਂ 24 ਸਾਲ ਦੇ ਨੌਜਵਾਨਾਂ ਲਈ ਦਾਖ਼ਲਾ ਫੀਸ ‘ਤੇ 50 ਫ਼ੀਸਦੀ ਛੂਟ ਲਾਗੂ ਕੀਤੀ ਜਾਵੇਗੀ।
ਸਰਕਾਰ ਅਨੁਸਾਰ, ਇਸ ਯੋਜਨਾ ਵਿੱਚ ਸ਼ਾਮਲ ਹੋਣ ਵਾਲੀਆਂ ਸੂਬਾਈ ਅਤੇ ਖੇਤਰੀ ਅਜਾਇਬ ਘਰਾਂ ਅਤੇ ਆਰਟ ਗੈਲਰੀਆਂ ਵੱਲੋਂ ਵੀ ਇਹੀ ਛੋਟਾਂ ਅਤੇ ਰਿਆਇਤਾਂ ਦਿੱਤੀਆਂ ਜਾਣਗੀਆਂ।
