ਤਰਨਤਾਰਨ : ਨਸ਼ਾ ਤਸਕਰਾਂ ਖ਼ਿਲਾਫ਼ ਸਖਤ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਪੁਲਿਸ ਨੇ 6 ਨਸ਼ਾ ਤਸਕਰਾਂ ਦੀ 1 ਕਰੋੜ 50 ਲੱਖ 79 ਹਜ਼ਾਰ ਰੁਪਏ ਦੀ ਜਾਇਦਾਦ ਨੂੰ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਰਨਣਯੋਗ ਹੈ ਕਿ ਹੁਣ ਤੱਕ ਜ਼ਿਲ੍ਹਾ ਪੁਲਿਸ ਵੱਲੋਂ 123 ਸਮੱਗਲਰਾਂ ਦੀ 1 ਅਰਬ 40 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਜਾ ਚੁੱਕੀ ਹੈ।
ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਅਸ਼ਵਨੀ ਕਪੂਰ ਨੇ ਦੱਸਿਆ ਕਿ 6 ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਸਬੰਧੀ ਦਿੱਲੀ ਸਮਰੱਥ ਅਥਾਰਟੀ ਨੂੰ ਪੱਤਰ ਲਿਖਿਆ ਗਿਆ ਸੀ। ਇਸ ਤੋਂ ਬਾਅਦ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੇ ਹੁਕਮ ਮਿਲੇ ਸਨ। ਨਸ਼ਾ ਤਸਕਰ ਹਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਮੁਖ਼ਤਿਆਰ ਸਿੰਘ ਪੁੱਤਰ ਮੁਖ਼ਤਿਆਰ ਸਿੰਘ ਵਾਸੀ ਨੌਸ਼ਹਿਰਾ ਢਾਲਾ ਦੇ ਖ਼ਿਲਾਫ਼ ਥਾਣਾ ਸਰਾਏ ਅਮਾਨਤ ਖਾਂ ਵਿਖੇ ਕੇਸ ਦਰਜ ਹੋਣ ਤੇ ਉਸ ਦੀ 30 ਲੱਖ 60 ਹਜ਼ਾਰ ਰੁਪਏ ਦੀ ਜਾਇਦਾਦ, ਗੁਰਬੀਰ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਫਰੰਦੀਪੁਰ ਖ਼ਿਲਾਫ਼ ਥਾਣਾ ਸਰਾਏ ਅਮਾਨਤ ਖਾਂ ‘ਚ ਮਾਮਲਾ ਦਰਜ ਹੋਣ ਤੇ ਉਸ ਦੀ 7 ਲੱਖ 70 ਹਜ਼ਾਰ, ਗੁਰਮੰਗਤ ਸਿੰਘ ਉਰਫ ਕਾਲਾ ਪੁੱਤਰ ਇੰਦਰ ਸਿੰਘ ਵਾਸੀ ਗਿੰਡਵਿੰਡ ਦੇ ਖ਼ਿਲਾਫ਼ ਥਾਣਾ ਸਰਾਏ ਅਮਾਨਤ ਖਾਂ ‘ਚ ਕੇਸ ਦਰਜ ਹੋਣ ਤੇ 13 ਲੱਖ 50 ਹਜ਼ਾਰ ਰੁਪਏ ਦੀ ਜਾਇਦਾਦ ਅਤੇ 13 ਲੱਖ 49 ਹਜ਼ਾਰ ਰੁਪਏ ਦੀ ਡਰੱਗ ਮਨੀ ਜ਼ਬਤ ਕੀਤੀ ਗਈ ਹੈ।
ਇਸ ਤੋਂ ਇਲਾਵਾ ਵਿਨੈ ਕੁਮਾਰ ਪੁੱਤਰ ਬਿਸ਼ਨ ਲਾਲ ਵਾਸੀ ਖਾਲੜਾ ਰੋਡ ਭਿੱਖੀਵਿੰਡ ਦੇ ਖ਼ਿਲਾਫ਼ ਥਾਣਾ ਝਬਾਲ ਵਿੱਚ ਕੇਸ ਦਰਜ ਹੋਣ ਮਗਰੋਂ ਉਸ ਦੀ 25 ਲੱਖ ਰੁਪਏ ਦੀ ਜਾਇਦਾਦ, ਜਤਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਸੋਹਲ ਦੇ ਖ਼ਿਲਾਫ਼ ਥਾਣਾ ਝਬਾਲ ‘ਚ ਮਾਮਲਾ ਦਰਜ ਹੋਣ ਤੇ 31 ਲੱਖ 40 ਹਜ਼ਾਰ, ਪ੍ਰੇਮ ਸਿੰਘ ਉਰਫ਼ ਕਾਲਾ ਪਹਿਲਵਾਨ ਪੁੱਤਰ ਈਸ਼ਰ ਸਿੰਘ ਵਾਸੀ ਸੰਦਪੁਰ ਖ਼ਿਲਾਫ਼ ਥਾਣਾ ਝਬਾਲ ਵਿੱਚ ਕੇਸ ਦਰਜ ਹੋਣ ਤੇ 29 ਲੱਖ 10 ਹਜ਼ਾਰ ਰੁਪਏ ਦੀ ਜਾਇਦਾਦ ਨੂੰ ਫਰੀਜ਼ ਕੀਤਾ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੇ ਘਰਾਂ ਦੇ ਬਾਹਰ ਨੋਟਿਸ ਲਾਏ ਗਏ ਹਨ। ਜ਼ਿਲ੍ਹੇ ਵਿੱਚ ਹੁਣ ਤੱਕ 123 ਸਮੱਗਲਰਾਂ ਦੀ 1 ਅਰਬ 40 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਜਾ ਚੁੱਕੀ ਹੈ।