ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ (Jammu and Kashmir) ਦੇ ਅਨੰਤਨਾਗ ਜ਼ਿਲ੍ਹੇ ‘ਚ ਬੀਤੇ ਦਿਨ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਈ ਭਿਆਨਕ ਗੋਲੀਬਾਰੀ ਦੌਰਾਨ ਦੋ ਫੌਜੀ ਅਤੇ ਇਕ ਨਾਗਰਿਕ ਦੀ ਮੌਤ ਹੋ ਗਈ। ਕੋਕਰਨਾਗ ਜੰਗਲੀ ਖੇਤਰ (The Kokarnag Forest Area) ‘ਚ ਗੋਲੀਬਾਰੀ ‘ਚ ਤਿੰਨ ਹੋਰ ਜਵਾਨ ਵੀ ਜ਼ਖਮੀ ਹੋ ਗਏ। ਮੁਕਾਬਲੇ ਵਿੱਚ ਹੌਲਦਾਰ ਦੀਪਕ ਕੁਮਾਰ ਯਾਦਵ ਅਤੇ ਲਾਂਸ ਨਾਇਕ ਪ੍ਰਵੀਨ ਸ਼ਰਮਾ ਨੇ ਡਿਊਟੀ ਦੌਰਾਨ ਆਪਣੀ ਜਾਨ ਕੁਰਬਾਨ ਕਰ ਦਿੱਤੀ। ਦੂਜੇ ਪਾਸੇ ਬੀਤੇ ਦਿਨ ਹੋਈ ਗੋਲੀਬਾਰੀ ‘ਚ ਜ਼ਖਮੀ ਹੋਏ ਇਕ ਨਾਗਰਿਕ ਦੀ ਹਸਪਤਾਲ ‘ਚ ਮੌਤ ਹੋ ਗਈ।
ਭਾਰਤੀ ਸੈਨਾ ਦੇ ਇੱਕ ਅਧਿਕਾਰੀ ਨੇ ਕਿਹਾ, ‘ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਅਤੇ ਭਾਰਤੀ ਸੈਨਾ ਦੇ ਸਾਰੇ ਰੈਂਕ ਦੋਵਾਂ ਬਹਾਦਰ ਜਵਾਨਾਂ ਦੀ ਸਰਵਉੱਚ ਕੁਰਬਾਨੀ ਨੂੰ ਸਲਾਮ ਕਰਦੇ ਹਨ।’ ਭਾਰਤੀ ਫੌਜ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦੀ ਹੈ ਅਤੇ ਦੁੱਖ ਦੀ ਇਸ ਘੜੀ ਵਿੱਚ ਦੁਖੀ ਪਰਿਵਾਰਾਂ ਦੇ ਨਾਲ ਮਜ਼ਬੂਤੀ ਨਾਲ ਖੜੀ ਹੈ।
ਇਸ ਤੋਂ ਪਹਿਲਾਂ ਇਲਾਕੇ ‘ਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਮੌਜੂਦਗੀ ਦੀ ਖੁਫੀਆ ਸੂਚਨਾ ਮਿਲਣ ਤੋਂ ਬਾਅਦ ਦੱਖਣੀ ਕਸ਼ਮੀਰ ਦੇ ਜੰਗਲੀ ਖੇਤਰ ‘ਚ ਤਲਾਸ਼ੀ ਮੁਹਿੰਮ ਚਲਾਈ ਸੀ। ਅੱਤਵਾਦੀਆਂ ਨੇ ਫੌਜ ਦੇ ਗਸ਼ਤੀ ਦਲ ‘ਤੇ ਉਸ ਸਮੇਂ ਹਮਲਾ ਕੀਤਾ ਜਦੋਂ ਉਹ ਕੋਕਰਨਾਗ ਉਪ ਮੰਡਲ ਦੇ ਜੰਗਲਾਂ ‘ਚ ਅੱਤਵਾਦ ਵਿਰੋਧੀ ਮੁਹਿੰਮ ਚਲਾ ਰਹੇ ਸਨ।
ਭਾਰਤੀ ਫੌਜ ਦੀ ਚਿਨਾਰ ਕੋਰ ਨੇ ਟਵਿੱਟਰ ‘ਤੇ ਇਕ ਪੋਸਟ ‘ਚ ਕਿਹਾ, ”ਖਾਸ ਖੁਫੀਆ ਸੂਚਨਾਵਾਂ ਦੇ ਆਧਾਰ ‘ਤੇ ਫੌਜ, ਜੰਮੂ-ਕਸ਼ਮੀਰ ਪੁਲਿਸ ਅਤੇ ਸੀ.ਆਰ.ਪੀ.ਐੱਫ. ਨੇ ਕੋਕਰਨਾਗ, ਅਨੰਤਨਾਗ ਦੇ ਜਨਰਲ ਖੇਤਰ ‘ਚ ਅੱਜ ਇਕ ਸੰਯੁਕਤ ਆਪ੍ਰੇਸ਼ਨ ਸ਼ੁਰੂ ਕੀਤਾ। ਸੰਪਰਕ ਸਥਾਪਿਤ ਕੀਤਾ ਗਿਆ ਅਤੇ ਗੋਲੀਬਾਰੀ ਸ਼ੁਰੂ ਹੋ ਗਈ । ਦੋ ਜਵਾਨ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ ਹੈ ਇਲਾਕੇ ਵਿੱਚ ਆਪ੍ਰੇਸ਼ਨ ਜਾਰੀ ਹੈ।
ਗੋਲੀਬਾਰੀ ਦੇ ਇੱਕ ਦਿਨ ਬਾਅਦ, ਸੁਰੱਖਿਆ ਬਲਾਂ ਨੇ ਅੱਜ ਖੇਤਰ ਵਿੱਚ ਆਪਣੀ ਅੱਤਵਾਦ ਵਿਰੋਧੀ ਮੁਹਿੰਮ ਮੁੜ ਸ਼ੁਰੂ ਕੀਤੀ। ਦੋ ਹਫ਼ਤੇ ਪਹਿਲਾਂ, ਕੁਪਵਾੜਾ ਵਿੱਚ ਕੰਟਰੋਲ ਰੇਖਾ ਦੇ ਨਾਲ ਪਾਕਿਸਤਾਨ ਦੀ ਬਾਰਡਰ ਐਕਸ਼ਨ ਟੀਮ (ਬੀ.ਏ.ਟੀ.) ਦੇ ਹਮਲੇ ਨੂੰ ਨਾਕਾਮ ਕਰਦਿਆਂ ਇੱਕ ਭਾਰਤੀ ਸੈਨਿਕ ਦੀ ਮੌਤ ਹੋ ਗਈ ਸੀ ਅਤੇ ਇੱਕ ਮੇਜਰ ਸਮੇਤ ਚਾਰ ਹੋਰ ਜ਼ਖਮੀ ਹੋ ਗਏ ਸਨ। ਇਸ ਤੋਂ ਪਹਿਲਾਂ ਡੋਡਾ ਜ਼ਿਲੇ ‘ਚ ਭਾਰੀ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨਾਲ ਮੁਕਾਬਲੇ ‘ਚ ਫੌਜ ਦੇ ਚਾਰ ਜਵਾਨ ਅਤੇ ਇਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਸੀ। ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਸਮਰਥਿਤ ਜੈਸ਼-ਏ-ਮੁਹੰਮਦ ਦੇ ਪ੍ਰੌਕਸੀ ਸਮੂਹ ‘ਕਸ਼ਮੀਰ ਟਾਈਗਰਜ਼’ ਨੇ ਲਈ ਸੀ।