ਜਲੰਧਰ: ਪੰਜਾਬ ਦੇ ਖੇਡ ਜਗਤ ਲਈ ਅੱਜ ਦਾ ਦਿਨ ਖ਼ਾਸ ਮਹੱਤਵ ਰੱਖਦਾ ਹੈ। ਜਲੰਧਰ ਦੇ ਬਲਟਰਨ ਪਾਰਕ ਵਿੱਚ ਨਵੇਂ ਬਣੇ ਸੁਰਜੀਤ ਹਾਕੀ ਸਟੇਡੀਅਮ ਵਿਖੇ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਪੰਜਾਬ 2026 ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਟੇਡੀਅਮ ਦਾ ਉਦਘਾਟਨ ਕਰਨਗੇ। ਟੂਰਨਾਮੈਂਟ ਵਿੱਚ ਏਸ਼ੀਆ ਦੀਆਂ ਛੇ ਟੀਮਾਂ ਖ਼ਿਤਾਬ ਲਈ ਮੁਕਾਬਲਾ ਕਰਨਗੀਆਂ।
ਇਸ ਕੌਮਾਂਤਰੀ ਹਾਕੀ ਮੁਕਾਬਲੇ ਨੂੰ ਲੈ ਕੇ ਖੇਡ ਪ੍ਰੇਮੀਆਂ ਵਿੱਚ ਕਾਫ਼ੀ ਉਤਸ਼ਾਹ ਹੈ। ਜਲੰਧਰ ਵਿੱਚ ਇਸ ਪੱਧਰ ਦੇ ਪੁਰਸ਼ਾਂ ਦੇ ਏਸ਼ੀਆਈ ਹਾਕੀ ਟੂਰਨਾਮੈਂਟ ਦਾ ਆਯੋਜਨ ਸ਼ਹਿਰ ਲਈ ਅਹਿਮ ਮੌਕਾ ਮੰਨਿਆ ਜਾ ਰਿਹਾ ਹੈ।
ਛੇ ਦੇਸ਼ਾਂ ਦੀਆਂ ਟੀਮਾਂ ਵਿਚਾਲੇ ਹੋਵੇਗੀ ਟੱਕਰ
ਚੈਂਪੀਅਨਸ਼ਿਪ ਵਿੱਚ ਭਾਰਤ, ਮਲੇਸ਼ੀਆ, ਜਾਪਾਨ, ਦੱਖਣੀ ਕੋਰੀਆ, ਚੀਨ ਅਤੇ ਬੰਗਲਾਦੇਸ਼ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਲੀਗ ਪੜਾਅ ਦੇ ਸਾਰੇ ਮੁਕਾਬਲੇ 27 ਅਕਤੂਬਰ ਤੋਂ 2 ਨਵੰਬਰ ਤੱਕ ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ਵਿੱਚ ਖੇਡੇ ਜਾਣਗੇ।
ਭਾਰਤੀ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ ਅੱਜ ਬੰਗਲਾਦੇਸ਼ ਵਿਰੁੱਧ ਕਰੇਗੀ। ਇਸ ਤੋਂ ਬਾਅਦ ਭਾਰਤ ਦੇ ਮੁਕਾਬਲੇ 29 ਅਕਤੂਬਰ ਨੂੰ ਚੀਨ, 30 ਅਕਤੂਬਰ ਨੂੰ ਜਾਪਾਨ, 1 ਨਵੰਬਰ ਨੂੰ ਮਲੇਸ਼ੀਆ ਅਤੇ 2 ਨਵੰਬਰ ਨੂੰ ਦੱਖਣੀ ਕੋਰੀਆ ਨਾਲ ਹੋਣਗੇ।
ਸੈਮੀਫਾਈਨਲ ਤੇ ਫਾਈਨਲ ਮੋਹਾਲੀ ’ਚ
ਲੀਗ ਪੜਾਅ ਤੋਂ ਬਾਅਦ ਅੰਕ ਸੂਚੀ ਦੀਆਂ ਚੋਟੀ ਦੀਆਂ ਚਾਰ ਟੀਮਾਂ ਸੈਮੀਫਾਈਨਲ ਵਿੱਚ ਪਹੁੰਚਣਗੀਆਂ। 4 ਨਵੰਬਰ ਨੂੰ ਮੋਹਾਲੀ ਵਿੱਚ ਸੈਮੀਫਾਈਨਲ ਅਤੇ ਵਰਗੀਕਰਨ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਬਾਅਦ 5 ਨਵੰਬਰ ਨੂੰ ਕਾਂਸੀ ਅਤੇ ਸੋਨ ਤਮਗੇ ਲਈ ਮੈਚ ਖੇਡੇ ਜਾਣਗੇ।
ਖ਼ਿਤਾਬ ਬਚਾਉਣ ਦੇ ਇਰਾਦੇ ਨਾਲ ਉਤਰੇਗੀ ਭਾਰਤੀ ਟੀਮ
ਭਾਰਤ ਇਸ ਟੂਰਨਾਮੈਂਟ ਦਾ ਮੌਜੂਦਾ ਚੈਂਪੀਅਨ ਹੈ ਅਤੇ ਹੁਣ ਤੱਕ ਪੰਜ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤ ਚੁੱਕਾ ਹੈ। ਇਸ ਵਾਰ ਵੀ ਟੀਮ ਦੀ ਨਜ਼ਰ ਖ਼ਿਤਾਬ ਆਪਣੇ ਕੋਲ ਬਰਕਰਾਰ ਰੱਖਣ ’ਤੇ ਹੋਵੇਗੀ। ਭਾਰਤੀ ਟੀਮ ਵਿੱਚ ਏਸ਼ੀਆਈ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੀ ਟੀਮ ਦੇ ਕਈ ਖਿਡਾਰੀ ਸ਼ਾਮਲ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।
ਸਾਰੀਆਂ ਟੀਮਾਂ ਦੇ ਕਪਤਾਨਾਂ ਨੇ ਜਿੱਤ ਲਈ ਜਤਾਇਆ ਭਰੋਸਾ
ਟੂਰਨਾਮੈਂਟ ਤੋਂ ਪਹਿਲਾਂ ਛੇ ਦੇਸ਼ਾਂ ਦੇ ਕਪਤਾਨਾਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਆਪਣੀਆਂ ਤਿਆਰੀਆਂ ਬਾਰੇ ਗੱਲਬਾਤ ਕੀਤੀ। ਕਪਤਾਨਾਂ ਨੇ ਮੁਕਾਬਲੇ ਨੂੰ ਅਹਿਮ ਦੱਸਦਿਆਂ ਕਿਹਾ ਕਿ ਉਨ੍ਹਾਂ ਦੀਆਂ ਟੀਮਾਂ ਬਿਹਤਰ ਪ੍ਰਦਰਸ਼ਨ ਕਰਨ ਅਤੇ ਹਰ ਮੈਚ ਵਿੱਚ ਜਿੱਤ ਹਾਸਲ ਕਰਨ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰਨਗੀਆਂ।






