ਮੋਗਾ : ਮੋਗਾ-ਲੁਧਿਆਣਾ ਜੀ.ਟੀ. (Moga-Ludhiana GT) ਰੋਡ ‘ਤੇ ਦੇਰ ਰਾਤ ਪਿੰਡ ਨੱਥੂਵਾਲਾ ਦੇ ਲੋਠੇ ਕੋਲ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਨੇ ਫੇਟ ਮਾਰ ਕੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਪੀ.ਏ. ਰਾਜੀਵ ਰਾਜਾ ਦੇ ਨਾਲ ਗੰਨਮੈਨ ਵਜੋਂ ਤਾਇਨਾਤ ਹਰਮਨਬੀਰ ਸਿੰਘ ਵਾਸੀ ਲੁਧਿਆਣਾ ਸ਼ਹਿਰ ਦੀ ਮੌਤ ਹੋ ਗਈ ਹੈ। ਇਸ ਸਬੰਧੀ ਅਜੀਤਵਾਲ ਪੁਲਿਸ ਨੇ ਮ੍ਰਿਤਕ ਦੀ ਭੈਣ ਕਮਲਪ੍ਰੀਤ ਕੌਰ ਵਾਸੀ ਪਿੰਡ ਰਾਮੂਵਾਲਾ ਨਵਾਂ ਦੀ ਸ਼ਿਕਾਇਤ ’ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਐਸ.ਐਚ.ਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਕਮਲਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਭਰਾ ਹਰਮਨਦੀਪ ਸਿੰਘ ਜੋ ਕਿ ਪੰਜਾਬ ਪੁਲਿਸ ਵਿੱਚ ਨੌਕਰੀ ਕਰਦਾ ਸੀ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਪੀ.ਏ ਰਾਜੀਵ ਰਾਜਾ ਦੇ ਨਾਲ ਬਤੌਰ ਗੰਨਮੈਨ ਲੁਧਿਆਣਾ ‘ਚ ਸੀ।, ਜਦੋਂ ਉਹ ਆਪਣੀ ਡਿਊਟੀ ‘ਤੇ ਵਾਪਸ ਜਾ ਰਿਹਾ ਸੀ ਤਾਂ ਰਸਤੇ ‘ਚ ਕਿਸੇ ਅਣਪਛਾਤੇ ਚਾਲਕ ਨੇ ਉਸ ਦੇ ਭਰਾ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਸਹਾਇਕ ਐਸ.ਐਚ.ਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਣਪਛਾਤੇ ਵਾਹਨ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।