ਲਖਨਊ : ਸਹਾਰਾ ਗਰੁੱਪ ਦੇ ਮੁਖੀ ਸੁਬਰਤ ਰਾਏ (Sahara Group chief Subrat Roy) ਦੀ ਬੀਤੇ ਦਿਨ ਮੁੰਬਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਅੱਜ ਸੁਬਰਤ ਰਾਏ ਦੀ ਮ੍ਰਿਤਕ ਦੇਹ ਨੂੰ ਲਖਨਊ ਦੇ ਸਹਾਰਾ ਸ਼ਹਿਰ ਲਿਆਂਦਾ ਜਾਵੇਗਾ। ਜਿੱਥੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਜਾਵੇਗੀ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸੁਬਰਤ ਰਾਏ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਸੀ.ਐਮ ਯੋਗੀ ਨੇ ਟਵਿੱਟਰ ‘ਤੇ ਲਿਖਿਆ ਕਿ ‘ਸਹਾਰਾ ਸਮੂਹ ਦੇ ਮੁਖੀ ਸ਼੍ਰੀ ਸੁਬਰਤ ਰਾਏ ਜੀ ਦੇ ਦੇਹਾਂਤ ਨਾਲ ਬਹੁਤ ਦੁੱਖ ਹੋਇਆ ਹੈ। ਭਗਵਾਨ ਸ਼੍ਰੀ ਰਾਮ ਅੱਗੇ ਅਰਦਾਸ ਹੈ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਦੁਖੀ ਪਰਿਵਾਰ ਨੂੰ ਇਸ ਅਥਾਹ ਦੁੱਖ ਨੂੰ ਸਹਿਣ ਦਾ ਬਲ ਬਖਸ਼ਣ। ਓਮ ਸ਼ਾਂਤੀ!’
ਸੁਬਰਤ ਰਾਏ ਨੇ ਆਪਣਾ ਪਹਿਲਾ ਕਾਰੋਬਾਰ ਗੋਰਖਪੁਰ ਤੋਂ ਕੀਤਾ ਸੀ ਸ਼ੁਰੂ
ਕੰਪਨੀ ਦੇ ਇਕ ਬਿਆਨ ਮੁਤਾਬਕ ਰਾਏ ਦੀ ਮੌਤ ਦਿਲ ਦੀ ਧੜਕਣ ਬੰਦ ਹੋਣ ਕਾਰਨ ਹੋਈ। ਸਹਾਰਾ ਪ੍ਰਧਾਨ ਦਾ ਜਨਮ 10 ਜੂਨ 1948 ਨੂੰ ਬਿਹਾਰ ਦੇ ਅਰਰੀਆ ਜ਼ਿਲ੍ਹੇ ਵਿੱਚ ਹੋਇਆ ਸੀ। ਉਨ੍ਹਾਂ ਨੇ ਕੋਲਕਾਤਾ ਵਿੱਚ ਆਪਣੀ ਸ਼ੁਰੂਆਤੀ ਪੜ੍ਹਾਈ ਪੂਰੀ ਕੀਤੀ ਅਤੇ ਫਿਰ ਗੋਰਖਪੁਰ ਦੇ ਇੱਕ ਸਰਕਾਰੀ ਕਾਲਜ ਤੋਂ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ। ਸੁਬਰਤ ਰਾਏ ਨੇ ਆਪਣਾ ਪਹਿਲਾ ਕਾਰੋਬਾਰ ਗੋਰਖਪੁਰ ਤੋਂ ਹੀ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਆਪਣੀ ਲਗਨ ਅਤੇ ਮਿਹਨਤ ਨਾਲ ਸਿਰਫ 2000 ਰੁਪਏ ਨਾਲ ਸ਼ੁਰੂ ਹੋਏ ਫਾਇਨਾਂਸ ਕੰਪਨੀ ਦੇ ਕਾਰੋਬਾਰ ਨੂੰ 2 ਲੱਖ ਕਰੋੜ ਰੁਪਏ ਤੱਕ ਲੈ ਗਏ। ‘ਸਹਾਰਾ ਸ਼੍ਰੀ’ ਸੁਬਰਤ ਰਾਏ ਨੇ ਇੱਕ ਵਿਸ਼ਾਲ ਸਾਮਰਾਜ ਦੀ ਸਥਾਪਨਾ ਕੀਤੀ ਜੋ ਵਿੱਤ, ਰੀਅਲ ਅਸਟੇਟ, ਮੀਡੀਆ ਅਤੇ ਪ੍ਰਾਹੁਣਚਾਰੀ ਸਮੇਤ ਹੋਰ ਖੇਤਰਾਂ ਵਿੱਚ ਫੈਲੀ ਹੋਈ ਸੀ। 1978 ਵਿੱਚ ਉਨ੍ਹਾਂ ਨੇ ‘ਸਹਾਰਾ ਇੰਡੀਆ ਪਰਿਵਾਰ’ ਗਰੁੱਪ ਦੀ ਸਥਾਪਨਾ ਕੀਤੀ। ਗੋਰਖਪੁਰ ਨਾਲ ਆਪਣੇ ਡੂੰਘੇ ਲਗਾਵ ਦੇ ਕਾਰਨ, ਰਾਏ ਨੇ ਗੋਰਖਪੁਰ ਵਿੱਚ ਬਹੁਤ ਵੱਡਾ ਨਿਵੇਸ਼ ਕੀਤਾ, ਭਾਵੇਂ ਇਹ ਮੀਡੀਆ ਖੇਤਰ ਹੋਵੇ ਜਾਂ ਰੀਅਲ ਅਸਟੇਟ।