ਲੁਧਿਆਣਾ : ਮਹਾਂਨਗਰ ‘ਚ ਲੁਟੇਰੇ ਸਾਜ਼ਿਸ਼ ਰਚ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਦੀਵਾਲੀ ਦੇ ਤਿਉਹਾਰ ਮੌਕੇ ਤੜਕੇ 3.30 ਵਜੇ ਦੇ ਕਰੀਬ 6 ਲੁਟੇਰਿਆਂ ਨੇ ਸ਼ਹੀਦ ਸੁਖਦੇਵ ਥਾਪਰ ਯਾਦਗਾਰੀ ਟਰੱਸਟ ਦੇ ਮੁਖੀ ਅਸ਼ੋਕ ਥਾਪਰ ਕੋਲੋਂ 4.5 ਲੱਖ ਰੁਪਏ ਲੁੱਟ ਲਏ। 30 ਸਕਿੰਟਾਂ ਵਿੱਚ ਹੀ ਲੁਟੇਰੇ ਵਾਰਦਾਤ ਨੂੰ ਅੰਜਾਮ ਦੇ ਕੇ ਦੋ ਮੋਟਰਸਾਈਕਲਾਂ ’ਤੇ ਫ਼ਰਾਰ ਹੋ ਗਏ। ਪੀੜਤ ਅਸ਼ੋਕ ਥਾਪਰ ਨੇ ਇੱਕ ਟਰੱਕ ਡਰਾਈਵਰ ਦਾ ਮੋਬਾਈਲ ਫ਼ੋਨ ਲਿਆ ਅਤੇ ਆਪਣੇ ਪੁੱਤਰ ਨੂੰ ਫ਼ੋਨ ਕੀਤਾ। ਜਿਸ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 4 ਅਤੇ ਥਾਣਾ ਦਰੇਸੀ ਦੀ ਪੁਲਿਸ ਸਮੇਤ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।
ਅਸ਼ੋਕ ਥਾਪਰ ਨੇ ਦੱਸਿਆ ਕਿ ਉਸ ਦੇ ਲੜਕੇ ਦੀ ਦਾਣਾ ਮੰਡੀ ਵਿੱਚ ਪਟਾਕਿਆਂ ਦੀ ਦੁਕਾਨ ਹੈ। ਰਾਤ ਕਰੀਬ 3:15 ਵਜੇ ਉਹ ਆਪਣੇ ਭਤੀਜੇ ਨਾਲ ਦਾਣਾ ਮੰਡੀ ਸਥਿਤ ਦੁਕਾਨ ਤੋਂ 4.5 ਲੱਖ ਰੁਪਏ ਦੀ ਨਕਦੀ ਲੈ ਕੇ ਘਰ ਪਰਤ ਰਿਹਾ ਸੀ। ਸਲੇਮ ਟਾਬਰੀ ਪੁਲ ਨੇੜੇ 2 ਮੋਟਰਸਾਈਕਲਾਂ ‘ਤੇ ਸਵਾਰ 6 ਲੁਟੇਰਿਆਂ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ। ਲੁਟੇਰਿਆਂ ਨੇ ਆਪਣੀ ਪਛਾਣ ਛੁਪਾਉਣ ਲਈ ਮਾਸਕ ਪਹਿਨੇ ਹੋਏ ਸਨ। ਲੁਟੇਰਿਆਂ ਨੇ ਉਸ ਦੀ ਗਰਦਨ ‘ਤੇ ਚਾਰੋਂ ਪਾਸਿਓਂ ਦਾਤਰ ਰੱਖ ਕੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ। ਲੁਟੇਰਿਆਂ ਨੇ ਉਸ ਦੇ ਹੱਥੋਂ ਨਕਦੀ ਵਾਲਾ ਬੈਗ ਅਤੇ ਮੋਬਾਈਲ ਖੋਹ ਲਿਆ। ਲੁਟੇਰਿਆਂ ਨੇ ਉਸ ਦੇ ਭਤੀਜੇ ਦਾ ਮੋਬਾਈਲ ਫ਼ੋਨ ਅਤੇ ਪਰਸ ਵੀ ਖੋਹ ਲਿਆ। ਇਸ ਦੌਰਾਨ ਜਦੋਂ ਉਸ ਨੇ ਆਪਣਾ ਰਿਵਾਲਵਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਉਸ ਤੋਂ ਰਿਵਾਲਵਰ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਇਕ ਟਰੱਕ ਦੀ ਲਾਈਟ ਪਈ ਅਤੇ ਲੁਟੇਰੇ ਫ਼ਰਾਰ ਹੋ ਗਏ। ਜਿਸ ਤੋਂ ਬਾਅਦ ਅਸ਼ੋਕ ਥਾਪਰ ਨੇ ਟਰੱਕ ਡਰਾਇਵਰ ਦੇ ਮੋਬਾਇਲ ਤੋਂ ਬੇਟੇ ਤ੍ਰਿਭੁਵਨ ਥਾਪਰ ਨੂੰ ਫੋਨ ਕੀਤਾ। ਪੁੱਤਰ ਨੇ ਮੌਕੇ ’ਤੇ ਪਹੁੰਚ ਕੇ ਪੁਲਿਸ ਅਧਿਕਾਰੀਆਂ ਨੂੰ ਲੁੱਟ ਦੀ ਸੂਚਨਾ ਦਿੱਤੀ।