ਅਮਰੀਕਾ: ਬਟਲਰ ਕਾਉਂਟੀ ਜ਼ਿਲ੍ਹਾ ਅਟਾਰਨੀ (The Butler County District Attorney) ਦੇ ਅਨੁਸਾਰ, ਪੈਨਸਿਲਵੇਨੀਆ ਵਿੱਚ ਡੋਨਾਲਡ ਟਰੰਪ (Donald Trump) ਦੀ ਰੈਲੀ ਵਿੱਚ ਗੋਲੀਬਾਰੀ ਚਲਾਉਣ ਵਾਲੇ ਇੱਕ ਵਿਅਕਤੀ ਦੀ ਮੌਤ ਹੋ ਗਈ, ਨਾਲ ਹੀ ਇੱਕ ਹੋਰ ਵਿਅਕਤੀ ਦੀ ਵੀ ਮੌਤ ਹੋ ਗਈ। ਦੋ ਮੌਤਾਂ ਤੋਂ ਇਲਾਵਾ ਇਕ ਹੋਰ ਵਿਅਕਤੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਬੀਤੇ ਦਿਨ ਪੈਨਸਿਲਵੇਨੀਆ ਦੇ ਬਟਲਰ ‘ਚ ਡੋਨਾਲਡ ਟਰੰਪ ਦੀ ਰੈਲੀ ‘ਚ ਗੋਲੀਬਾਰੀ ਦੀ ਘਟਨਾ ਨੇ ਸਨਸਨੀ ਮਚਾ ਦਿੱਤੀ । ਘਟਨਾ ਤੋਂ ਬਾਅਦ, ਟਰੰਪ ਨੂੰ ਯੂ.ਐਸ ਸੀਕ੍ਰੇਟ ਸਰਵਿਸ ਏਜੰਟਾਂ ਦੁਆਰਾ ਤੁਰੰਤ ਸਟੇਜ ਤੋਂ ਬਾਹਰ ਲਿਆਂਦਾ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਇਸ ਦੌਰਾਨ ਅਜਿਹਾ ਲੱਗ ਰਿਹਾ ਸੀ ਕਿ ਉਨ੍ਹਾਂ ਦੇ ਚਿਹਰੇ ‘ਤੇ ਖੂਨ ਸੀ। ਸੀਕਰੇਟ ਸਰਵਿਸ ਨੇ ਇੱਕ ਬਿਆਨ ਜਾਰੀ ਕਰਕੇ ਪੁਸ਼ਟੀ ਕੀਤੀ ਕਿ ਸਾਬਕਾ ਰਾਸ਼ਟਰਪਤੀ ਸੁਰੱਖਿਅਤ ਹਨ।
ਐਕਸ ‘ਤੇ ਸੀਕਰੇਟ ਸਰਵਿਸ ਸੰਚਾਰ ਦੇ ਮੁਖੀ ਐਂਥਨੀ ਗੁਗਲੀਏਲਮੀ ਨੇ ਕਿਹਾ ‘ਸੀਕ੍ਰੇਟ ਸਰਵਿਸ ਨੇ ਸੁਰੱਖਿਆ ਉਪਾਅ ਲਾਗੂ ਕੀਤੇ ਹਨ ਅਤੇ ਸਾਬਕਾ ਰਾਸ਼ਟਰਪਤੀ ਸੁਰੱਖਿਅਤ ਹਨ,’ ਇਹ ਹੁਣ ਇੱਕ ਸਰਗਰਮ ਸੀਕਰੇਟ ਸਰਵਿਸ ਜਾਂਚ ਹੈ ਅਤੇ ਹੋਰ ਜਾਣਕਾਰੀ ਉਪਲਬਧ ਹੋਣ ‘ਤੇ ਜਾਰੀ ਕੀਤੀ ਜਾਵੇਗੀ।
ਘਟਨਾ ਤੋਂ ਬਾਅਦ ਇੱਕ ਬਿਆਨ ਵਿੱਚ, ਟਰੰਪ ਦੇ ਬੁਲਾਰੇ ਨੇ ਕਿਹਾ ਕਿ ਉਹ ਠੀਕ ਹਨ ਅਤੇ ਇੱਕ ਸਥਾਨਕ ਮੈਡੀਕਲ ਸਹੂਲਤ ਵਿੱਚ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਬੁਲਾਰੇ ਸਟੀਵਨ ਚੇਉਂਗ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਇਸ ਘਿਨਾਉਣੀ ਕਾਰਵਾਈ ਦੌਰਾਨ ਕੀਤੀ ਗਈ ਤੇਜ਼ ਕਾਰਵਾਈ ਲਈ ਧੰਨਵਾਦੀ ਹਨ।










