ਊਨਾ : ਹਿਮਾਚਲ ਪ੍ਰਦੇਸ਼ (Himachal Pradesh) ਦੇ ਊਨਾ ਜ਼ਿਲ੍ਹੇ ਦੇ ਹਰੌਲੀ ਇਲਾਕੇ ‘ਚ ਭਾਰਤੀ ਜਨਤਾ ਪਾਰਟੀ (BJP) ਦੇ ਆਗੂ ਲਖਬੀਰ ਸਿੰਘ ਲੱਖੀ ‘ਤੇ ਹਮਲਾ ਕਰਕੇ ਉਸ ਤੋਂ ਬੰਦੂਕ ਦੀ ਨੋਕ ‘ਤੇ 63 ਹਜ਼ਾਰ ਰੁਪਏ ਲੁੱਟ ਲਏ ਗਏ ਹਨ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਮੌਕੇ ‘ਤੇ ਇਕੱਠੇ ਹੋਏ ਕੁਝ ਸਥਾਨਕ ਲੋਕ ਭਾਜਪਾ ਆਗੂ ਨੂੰ ਹਸਪਤਾਲ ਲੈ ਗਏ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਡਿਪਟੀ ਸੁਪਰਡੈਂਟ ਆਫ ਪੁਲਿਸ (ਹਰੌਲੀ) ਮੋਹਨ ਰਾਵਤ ਨੇ ਦੱਸਿਆ ਕਿ ਹਮਲੇ ਅਤੇ ਲੁੱਟ-ਖੋਹ ਦੇ ਸਬੰਧ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਰਾਵਤ ਦੇ ਅਨੁਸਾਰ, ਘਟਨਾ ਬੀਤੀ ਸ਼ਾਮ ਨੂੰ ਵਾਪਰੀ, ਜਦੋਂ ਲੱਖੀ, ਜੋ ਕਿ ਇੱਕ ਟਰਾਂਸਪੋਰਟਰ ਵੀ ਹੈ, ਆਪਣੀ ਕਾਰ ਵਿੱਚ ਟਾਹਲੀਵਾਲ ਇੰਡਸਟਰੀਅਲ ਏਰੀਆ ਤੋਂ ਗੋਂਦਪੁਰ ਜੈਚੰਦ ਸਥਿਤ ਆਪਣੇ ਘਰ ਜਾ ਰਿਹਾ ਸੀ। ਪੁਲਿਸ ਅਨੁਸਾਰ ਇੱਕ ਵਾਹਨ ਨੇ ਲੱਖੀ ਨੂੰ ਓਵਰਟੇਕ ਕੀਤਾ ਅਤੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ।
ਉਨ੍ਹਾਂ ਦੱਸਿਆ ਕਿ ਜਦੋਂ ਲੱਖੀ ਕਾਰ ਦੇ ਨੁਕਸਾਨ ਦੀ ਜਾਂਚ ਕਰਨ ਲਈ ਰੁਕੇ ਤਾਂ ਦੂਜੇ ਵਾਹਨਾਂ ਵਿੱਚ ਸਵਾਰ ਲੋਕ ਤਲਵਾਰਾਂ ਅਤੇ ਲੋਹੇ ਦੀਆਂ ਰਾਡਾਂ ਲਹਿਰਾਉਂਦੇ ਹੋਏ ਬਾਹਰ ਆ ਗਏ ਅਤੇ ਭਾਜਪਾ ਆਗੂ ਨੂੰ ਕਾਰ ਵਿੱਚੋਂ ਬਾਹਰ ਕੱਢ ਕੇ ਕੁੱਟਮਾਰ ਕੀਤੀ। ਪੁਲਿਸ ਅਨੁਸਾਰ ਇਸ ਹਮਲੇ ਵਿੱਚ ਲੱਖੀ ਨੂੰ ਕੁਝ ਗੰਭੀਰ ਸੱਟਾਂ ਲੱਗੀਆਂ ਹਨ। ਦੋਸ਼ ਹੈ ਕਿ ਲੱਖੀ ਨੂੰ ਪਿਛਲੇ ਕੁਝ ਦਿਨਾਂ ਤੋਂ ਅਣਪਛਾਤੇ ਵਿਅਕਤੀਆਂ ਵੱਲੋਂ ਫਿਰੌਤੀ ਦੀਆਂ ਕਾਲਾਂ ਆ ਰਹੀਆਂ ਸਨ। ਊਨਾ ਤੋਂ ਭਾਜਪਾ ਵਿਧਾਇਕ ਸਤਪਾਲ ਸੱਤੀ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਜ਼ਿਲ੍ਹੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜ ਗਈ ਹੈ।