ਚੰਡੀਗੜ੍ਹ : ਚੰਡੀਗੜ੍ਹ (Chandigarh) ਵਿੱਚ ਡੀਜ਼ਲ ਨਾਲ ਭਰਿਆ ਇੱਕ ਟੈਂਕਰ ਪਲਟਣ ਦੀ ਖ਼ਬਰ ਮਿਲੀ ਹੈ। ਇਸ ਦੌਰਾਨ ਲੋਕਾਂ ਨੇ ਬਿਨਾਂ ਕਿਸੇ ਡਰ ਦੇ ਉਥੋਂ ਡੀਜ਼ਲ ਭਰਨਾ ਸ਼ੁਰੂ ਕਰ ਦਿੱਤਾ। ਜਾਣਕਾਰੀ ਅਨੁਸਾਰ ਇਹ ਘਟਨਾ ਬੀਤੀ ਰਾਤ ਕਰੀਬ 10.30 ਵਜੇ ਸੈਕਟਰ 20-21 ਵਿੱਚ ਵਾਪਰੀ। ਟੈਂਕਰ ਪਲਟਦੇ ਹੀ ਲੋਕਾਂ ਦੀ ਭੀੜ ਇਕੱਠੀ ਹੋ ਗਈ। ਲੋਕਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਬਾਲਟੀਆਂ, ਬੋਤਲਾਂ ਅਤੇ ਪਲਾਸਟਿਕ ਦੇ ਡਰੰਮਾਂ ਵਿੱਚ ਡੀਜ਼ਲ ਭਰਨਾ ਸ਼ੁਰੂ ਕਰ ਦਿੱਤਾ ਹੈ।
ਸੂਚਨਾ ਮਿਲਦੇ ਹੀ ਪੁਲਿਸ ਦੀ ਪੀਸੀਆਰ ਟੀਮ ਨੇ ਮੌਕੇ ’ਤੇ ਪਹੁੰਚ ਕੇ ਸੜਕ ਨੂੰ ਬੰਦ ਕਰਕੇ ਵਾਹਨਾਂ ਦੀ ਆਵਾਜਾਈ ਨੂੰ ਰੋਕ ਦਿੱਤਾ। ਪੁਲਿਸ ਲੋਕਾਂ ਨੂੰ ਰੋਕ ਨਹੀਂ ਸਕੀ। ਲੋਕਾਂ ਵਿੱਚ ਡੀਜ਼ਲ ਭਰਨ ਲਈ ਮੁਕਾਬਲਾ ਸ਼ੁਰੂ ਹੋ ਗਿਆ। ਟੈਂਕਰ ਨੂੰ ਸਿੱਧਾ ਕਰਨ ਲਈ ਪੁਲਿਸ ਵੱਲੋਂ ਬੁਲਾਈ ਗਈ ਜੇਸੀਬੀ ਨੂੰ 2 ਘੰਟੇ ਲੱਗ ਗਏ। ਦੱਸਿਆ ਜਾ ਰਿਹਾ ਹੈ ਕਿ ਟੈਂਕਰ ਦੇ ਸਾਹਮਣੇ ਇੱਕ ਕਾਰ ਆ ਗਈ ਅਤੇ ਉਸਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਟੈਂਕਰ ਚਾਲਕ ਨੇ ਅਚਾਨਕ ਬ੍ਰੇਕ ਲਗਾ ਦਿੱਤੀ ਅਤੇ ਇਹ ਸੜਕ ਦੇ ਵਿਚਕਾਰ ਪਲਟ ਗਈ। ਘਟਨਾ ਤੋਂ ਬਾਅਦ ਟੈਂਕਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।