ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਚੰਡੀਗੜ੍ਹ ਸਥਿਤ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਇਕ-ਦੋ ਆਗੂਆਂ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚ ਅਕਾਲੀ ਦਲ ਦੇ ਇੱਕ ਵਿਧਾਇਕ ਦਾ ਨਾਂ ਵੀ ਸਾਹਮਣੇ ਆਇਆ ਹੈ। ਇਸੇ ਤਰ੍ਹਾਂ ਇੱਕ ਸਾਬਕਾ ਵਿਧਾਇਕ ਦੇ ਨਾਂ ਦੀ ਵੀ ਚਰਚਾ ਚੱਲ ਰਹੀ ਹੈ। ਇੱਕ ਸਾਬਕਾ ਸੰਸਦ ਮੈਂਬਰ ਦਾ ਨਾਂ ਵੀ ਲਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਦਾ ਮੰਨਣਾ ਹੈ ਕਿ ਜਲੰਧਰ ਸੀਟ ਨੂੰ ਲੈ ਕੇ ਫ਼ੈਸਲਾ ਲੈਣ ਵਿਚ ਅਜੇ ਕੁਝ ਸਮਾਂ ਲੱਗੇਗਾ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਨੇਤਾ ਬਾਰੇ ਆਪਣਾ ਮਨ ਬਣਾ ਲਿਆ ਹੈ। ਜੇਕਰ ਕਿਸੇ ਬਾਹਰੀ ਉਮੀਦਵਾਰ ਬਾਰੇ ਫ਼ੈਸਲਾ ਨਹੀਂ ਲਿਆ ਜਾ ਸਕਦਾ ਹੈ ਤਾਂ ਪਾਰਟੀ ਵੱਲੋਂ ਕੈਬਨਿਟ ਮੰਤਰੀ ਨੂੰ ਅੱਗੇ ਰੱਖਿਆ ਜਾ ਸਕਦਾ ਹੈ। ਉਸ ਸਥਿਤੀ ਵਿੱਚ ਕੈਬਨਿਟ ਮੰਤਰੀ ਹੀ ਆਖਰੀ ਵਿਕਲਪ ਹੋਣਗੇ।
ਇਸੇ ਤਰ੍ਹਾਂ ਲੁਧਿਆਣਾ ਸੀਟ ਨੂੰ ਲੈ ਕੇ ਵੀ ਪਾਰਟੀ ਦੁਚਿੱਤੀ ‘ਚ ਨਜ਼ਰ ਆ ਰਹੀ ਹੈ ਕਿਉਂਕਿ ਇਸ ਸੀਟ ‘ਤੇ ਉਮੀਦਵਾਰ ਬਾਰੇ ਅਜੇ ਤੱਕ ਫ਼ੈਸਲਾ ਨਹੀਂ ਹੋਇਆ ਹੈ। ਮੁੱਖ ਮੰਤਰੀ ਚਾਹੁੰਦੇ ਹਨ ਕਿ ਸਾਰੀਆਂ ਸੀਟਾਂ ‘ਤੇ ਮਜ਼ਬੂਤ ਉਮੀਦਵਾਰ ਖੜ੍ਹੇ ਕੀਤੇ ਜਾਣ। ਇਸ ਲਈ ਲੁਧਿਆਣਾ ਸੀਟ ਨੂੰ ਲੈ ਕੇ ਇੱਕ ਵਿਧਾਇਕ ਦੇ ਨਾਂ ਦੀ ਵੀ ਚਰਚਾ ਹੋ ਰਹੀ ਹੈ। ਮੁੱਖ ਮੰਤਰੀ ਹੁਸ਼ਿਆਰਪੁਰ ਸੀਟ ਬਾਰੇ ਪਹਿਲਾਂ ਹੀ ਫ਼ੈਸਲਾ ਲੈ ਚੁੱਕੇ ਹਨ। ਫਿਲਹਾਲ ਉਮੀਦਵਾਰ ਦੇ ਨਾਂ ਦਾ ਐਲਾਨ ਹੋਣਾ ਬਾਕੀ ਹੈ। ਗੁਰਦਾਸਪੁਰ ਅਤੇ ਸ੍ਰੀ ਆਨੰਦਪੁਰ ਸਾਹਿਬ ਸਬੰਧੀ ਵੀ ਕਈ ਨਾਵਾਂ ਦੀ ਚਰਚਾ ਹੋ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਵੱਲੋਂ ਜਲਦ ਹੀ ਇਨ੍ਹਾਂ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਸਕਦਾ ਹੈ।