ਸਰੀ: ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵੱਲੋਂ ਨਾਮਵਰ ਵਿਗਿਆਨੀ ਅਤੇ ਉੱਘੇ ਸਿੱਖ ਵਿਦਵਾਨ ਡਾ. ਹਰਦੇਵ ਸਿੰਘ ਵਿਰਕ ਦੀ ਸਵੈ-ਜੀਵਨੀਨੁਮਾ ਪੁਸਤਕ ‘ਪੈਰਿਸ ਤੋਂ ਪਟਿਆਲਾ’ ਅਤੇ ਕਵਿੱਤਰੀ ਅਮਰਜੀਤ ਕੌਰ ਦੀ ਪੁਸਤਕ ‘ਯਤਨ ਲੌਢੇ ਵੇਲੇ ਦੇ’ ਲੋਕ ਅਰਪਣ ਕੀਤੀਆਂ ਗਈਆਂ। ਦੋਵਾਂ ਪੁਸਤਕਾਂ ਉੱਪਰ ਵਿਦਵਾਨਾਂ ਅਤੇ ਸਾਹਿਤਕਾਰਾਂ ਵੱਲੋਂ ਪੜ੍ਹੇ ਗਏ ਪਰਚਿਆਂ ਨੇ ਇਨ੍ਹਾਂ ਦੀ ਸਾਹਿਤਕ ਮਹੱਤਤਾ, ਜੀਵਨ ਅਨੁਭਵਾਂ ਦੀ ਡੂੰਘਾਈ ਅਤੇ ਸਮਾਜਿਕ ਸਰੋਕਾਰਾਂ ਨੂੰ ਉਭਾਰਦਿਆਂ ਸਰੋਤਿਆਂ ਨੂੰ ਵਿਚਾਰ-ਮੰਥਨ ਲਈ ਪ੍ਰੇਰਿਤ ਕੀਤਾ।
ਡਾ. ਹਰਦੇਵ ਸਿੰਘ ਵਿਰਕ ਦੀ ਪੁਸਤਕ ‘ਪੈਰਿਸ ਤੋਂ ਪਟਿਆਲਾ’ ਬਾਰੇ ਸਭਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ, ਡਾ. ਰਣਜੀਤ ਸਿੰਘ ਪੰਨੂ, ਕਵਿੰਦਰ ਚਾਂਦ, ਪ੍ਰੋ. ਕੁਲਵੰਤ ਸਿੰਘ ਥਿੰਦ ਅਤੇ ਡਾ. ਵਿਰਕ ਦੇ ਜਮਾਤੀ ਮਾਸਟਰ ਅਮਰੀਕ ਸਿੰਘ ਲੇਹਲ ਨੇ ਆਪਣੇ ਵਿਚਾਰ ਪੇਸ਼ ਕੀਤੇ। ਬੁਲਾਰਿਆਂ ਨੇ ਪੁਸਤਕ ਦੇ ਵੱਖ-ਵੱਖ ਪੱਖਾਂ ਦੀ ਪੜਚੋਲ ਕਰਦਿਆਂ ਇਸ ਨੂੰ ਲੇਖਕ ਦੇ ਜੀਵਨ-ਸਫ਼ਰ, ਸੰਘਰਸ਼ਾਂ, ਪ੍ਰਾਪਤੀਆਂ ਅਤੇ ਅਨੁਭਵਾਂ ਦਾ ਦਿਲਚਸਪ ਦਸਤਾਵੇਜ਼ ਕਰਾਰ ਦਿੱਤਾ। ਮਾਸਟਰ ਅਮਰੀਕ ਸਿੰਘ ਲੇਹਲ ਨੇ ਆਪਣੇ ਜਮਾਤੀ ਡਾ. ਵਿਰਕ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਕੇ ਚਰਚਾ ਨੂੰ ਨਿੱਘ ਅਤੇ ਸਹਿਜਤਾ ਪ੍ਰਦਾਨ ਕੀਤੀ।
ਬੁਲਾਰਿਆਂ ਨੇ ਡਾ. ਵਿਰਕ ਦੀਆਂ ਵਿਗਿਆਨਕ, ਬੌਧਿਕ ਅਤੇ ਸਾਹਿਤਕ ਪ੍ਰਾਪਤੀਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸਮੁੱਚੀ ਕੌਮ ਦਾ ਮਾਣ ਦੱਸਿਆ। ਉਨ੍ਹਾਂ ਅਨੁਸਾਰ, ‘ਪੈਰਿਸ ਤੋਂ ਪਟਿਆਲਾ’ ਕੇਵਲ ਇੱਕ ਵਿਅਕਤੀ ਦੇ ਜੀਵਨ ਦੀ ਕਹਾਣੀ ਨਹੀਂ, ਸਗੋਂ ਸੰਘਰਸ਼, ਸਵੈ-ਵਿਸ਼ਵਾਸ, ਗਿਆਨ ਦੀ ਸਾਧਨਾ ਅਤੇ ਜੀਵਨ ਨੂੰ ਨੇੜਿਓਂ ਸਮਝਣ ਦਾ ਅਨੁਭਵ ਵੀ ਹੈ। ਪੁਸਤਕ ਵਿੱਚ ਦਰਜ ਬੇਬਾਕ, ਸਪੱਸ਼ਟ ਅਤੇ ਅਣਕਹੇ ਪੱਖਾਂ ਦੀ ਵਿਸ਼ੇਸ਼ ਤੌਰ ’ਤੇ ਪ੍ਰਸ਼ੰਸਾ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਡਾ. ਵਿਰਕ ਨੇ ਆਪਣੇ ਜੀਵਨ ਦੇ ਤਜਰਬਿਆਂ ਨੂੰ ਜਿਸ ਨਿਡਰਤਾ ਅਤੇ ਇਮਾਨਦਾਰੀ ਨਾਲ ਕਲਮਬੱਧ ਕੀਤਾ ਹੈ, ਉਹ ਪਾਠਕਾਂ ਨੂੰ ਉਨ੍ਹਾਂ ਦੀ ਸ਼ਖ਼ਸੀਅਤ ਨਾਲ ਜੋੜਨ ਦੇ ਨਾਲ-ਨਾਲ ਜੀਵਨ ਅਤੇ ਸਮਾਜ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਦੇਖਣ ਦੀ ਸੂਝ ਵੀ ਪ੍ਰਦਾਨ ਕਰਦਾ ਹੈ।
ਕਵਿੱਤਰੀ ਅਮਰਜੀਤ ਕੌਰ ਦੀ ਪੁਸਤਕ ‘ਯਤਨ ਲੌਢੇ ਵੇਲੇ ਦੇ’ ਉੱਪਰ ਪਲਵਿੰਦਰ ਸਿੰਘ ਰੰਧਾਵਾ, ਜਸਵੰਤ ਕੌਰ ਰਾਣਾ, ਹਰਦਮ ਮਾਨ ਅਤੇ ਸੁਰਜੀਤ ਸਿੰਘ ਮਾਧੋਪੁਰੀ ਨੇ ਆਪਣੇ ਪਰਚੇ ਪੜ੍ਹੇ। ਬੁਲਾਰਿਆਂ ਨੇ ਪੁਸਤਕ ਵਿੱਚ ਸਮਾਜਿਕ ਸਰੋਕਾਰਾਂ, ਜੀਵਨ ਦੇ ਵਿਭਿੰਨ ਅਨੁਭਵਾਂ ਅਤੇ ਮਨੁੱਖੀ ਮਨ ਦੀਆਂ ਸੰਵੇਦਨਾਵਾਂ ਨੂੰ ਸ਼ਬਦਾਂ ਵਿੱਚ ਢਾਲਣ ਦੇ ਲੇਖਿਕਾ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੁਸਤਕ ਦੀ ਵਿਸ਼ਾ-ਵਸਤੂ ਅਤੇ ਪੇਸ਼ਕਾਰੀ ਪਾਠਕਾਂ ਨੂੰ ਮਨੁੱਖੀ ਰਿਸ਼ਤਿਆਂ, ਸਮਾਜਿਕ ਹਕੀਕਤਾਂ ਅਤੇ ਜੀਵਨ ਦੇ ਅਨੇਕਾਂ ਪੱਖਾਂ ਬਾਰੇ ਸੋਚਣ ਲਈ ਪ੍ਰੇਰਿਤ ਕਰਦੀ ਹੈ।
ਆਪਣੇ ਵਿਚਾਰ ਸਾਂਝੇ ਕਰਦਿਆਂ ਡਾ. ਹਰਦੇਵ ਸਿੰਘ ਵਿਰਕ ਨੇ ਆਪਣੇ ਮੁੱਢਲੇ ਸੰਘਰਸ਼ਮਈ ਜੀਵਨ, ਸਿੱਖਿਆ ਅਤੇ ਜੀਵਨ ਭਰ ਦੇ ਤਜਰਬਿਆਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ। ਉਨ੍ਹਾਂ ਦੇ ਜੀਵਨ ਨਾਲ ਜੁੜੇ ਅਨੁਭਵਾਂ ਨੇ ਸਰੋਤਿਆਂ ਨੂੰ ਵਿਸ਼ੇਸ਼ ਤੌਰ ’ਤੇ ਪ੍ਰਭਾਵਿਤ ਕੀਤਾ। ਦੂਜੇ ਪਾਸੇ, ਕਵਿੱਤਰੀ ਅਮਰਜੀਤ ਕੌਰ ਨੇ ਆਪਣੀ ਸਿਰਜਣਾਤਮਕ ਯਾਤਰਾ ਦੇ ਪਿਛੋਕੜ ਬਾਰੇ ਦੱਸਿਆ ਕਿ ਕਾਲਜ ਦੇ ਸਮੇਂ ਤੋਂ ਹੀ ਉਨ੍ਹਾਂ ਨੂੰ ਲਿਖਣ ਦਾ ਸ਼ੌਕ ਸੀ, ਪਰ ਕੁਝ ਮਜਬੂਰੀਆਂ ਕਾਰਨ ਉਹ ਲੰਮਾ ਸਮਾਂ ਸਾਹਿਤਕ ਲੇਖਣੀ ਤੋਂ ਦੂਰ ਰਹੇ। ਕੈਨੇਡਾ ਆ ਕੇ ਸਾਹਿਤਕ ਸਭਾਵਾਂ ਵਿੱਚ ਮਿਲੇ ਉਸਾਰੂ ਮਾਹੌਲ ਨੇ ਉਨ੍ਹਾਂ ਦੀ ਕਲਮ ਨੂੰ ਮੁੜ ਸਰਗਰਮ ਕੀਤਾ ਅਤੇ ‘ਯਤਨ ਲੌਢੇ ਵੇਲੇ ਦੇ’ ਇਸੇ ਸਿਰਜਣਾਤਮਕ ਸਫ਼ਰ ਦਾ ਨਤੀਜਾ ਹੈ।
ਮੀਟਿੰਗ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ, ਲੇਖਿਕਾ ਅਮਰਜੀਤ ਕੌਰ ਅਤੇ ਡਾ. ਹਰਦੇਵ ਸਿੰਘ ਵਿਰਕ ਨੇ ਕੀਤੀ। ਸ਼ੁਰੂਆਤ ਵਿਚ ਪੰਜਾਬੀ ਦੇ ਉੱਘੇ ਵਿਅੰਗਕਾਰ ਅਤੇ ਪੰਜਾਬੀ ਹਾਸ-ਵਿਅੰਗ ਅਕਾਦਮੀ (ਅੰਤਰਰਾਸ਼ਟਰੀ) ਦੇ ਪ੍ਰਧਾਨ ਕੇ. ਐਲ. ਗਰਗ ਦੇ ਬੇਵਕਤ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕਰਨ ਨਾਲ ਹੋਈ। ਜਸਵੀਰ ਸਿੰਘ ਭਲੂਰੀਆ ਨੇ ਕੇ. ਐਲ. ਗਰਗ ਦੀ ਸ਼ਖ਼ਸੀਅਤ ਅਤੇ ਪੰਜਾਬੀ ਸਾਹਿਤ ਵਿੱਚ ਉਨ੍ਹਾਂ ਦੇ ਯੋਗਦਾਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਉਪਰੰਤ ਹੋਏ ਕਵੀ ਦਰਬਾਰ ਵਿੱਚ ਵਿੱਚ ਬੇਅੰਤ ਸਿੰਘ ਢਿੱਲੋਂ, ਬਲਬੀਰ ਸਿੰਘ ਸੰਘਾ, ਜਸਵੀਰ ਸਿੰਘ ਭਲੂਰੀਆ, ਪਰਮਿੰਦਰ ਸਵੈਚ, ਦਵਿੰਦਰ ਕੌਰ ਜੌਹਲ, ਹਰਚੰਦ ਸਿੰਘ ਗਿੱਲ, ਸ਼ਾਨ ਗਿੱਲ, ਮਨਜੀਤ ਸਿੰਘ ਮੱਲ੍ਹਾ, ਰਾਜਿੰਦਰ ਸਿੰਘ ਬੈਂਸ, ਗੁਰਦਰਸ਼ਨ ਮਠਾੜੂ, ਦਰਸ਼ਨ ਸਿੰਘ ਸੰਘਾ, ਗੁਰਮਿੰਦਰ ਕੌਰ ਸਿੱਧੂ, ਇੰਦਰਜੀਤ ਸਿੰਘ ਧਾਮੀ, ਪਵਨ ਭੰਮੀਆਂ, ਹਰਚਰਨ ਸਿੰਘ ਸੰਧੂ (ਪੀ.ਸੀ.ਐਸ.), ਵੀਤ ਬਾਦਸ਼ਾਹਪੁਰੀ, ਰਣਜੀਤ ਸਿੰਘ ਨਿੱਝਰ ਅਤੇ ਕੁਲਦੀਪ ਸਿੰਘ ਜਗਪਾਲ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਡਾ. ਬਲਦੇਵ ਸਿੰਘ ਖਹਿਰਾ ਨੇ ਆਪਣੀ ਮਿੰਨੀ ਕਹਾਣੀ ਰਾਹੀਂ ਸਰੋਤਿਆਂ ਨਾਲ ਸਾਂਝ ਪਾਈ। ਇਸੇ ਦੌਰਾਨ ਲੋਕ ਗਾਇਕ ਅਤੇ ਲੇਖਕ ਬਲਬੀਰ ਸ਼ੇਰਪੁਰੀ, ਸੁਰਜੀਤ ਸਿੰਘ ਮਾਧੋਪੁਰੀ ਅਤੇ ਪਲਵਿੰਦਰ ਸਿੰਘ ਰੰਧਾਵਾ ਨੇ ਆਪਣੇ ਸੁਰੀਲੇ ਗੀਤਾਂ ਨਾਲ ਸਮਾਗਮ ਦੇ ਮਾਹੌਲ ਨੂੰ ਸੰਗੀਤਮਈ ਬਣਾ ਦਿੱਤਾ।
ਅੰਤ ਵਿੱਚ ਸਭਾ ਵੱਲੋਂ ਦੋਵਾਂ ਲੇਖਕਾਂ ਦਾ ਸਨਮਾਨ ਕੀਤਾ ਗਿਆ। ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ ਨੇ ਡਾ. ਹਰਦੇਵ ਸਿੰਘ ਵਿਰਕ ਅਤੇ ਅਮਰਜੀਤ ਕੌਰ ਨੂੰ ਪੁਸਤਕਾਂ ਦੇ ਪ੍ਰਕਾਸ਼ਨ ਲਈ ਵਧਾਈ ਦਿੱਤੀ ਅਤੇ ਮੀਟਿੰਗ ਵਿੱਚ ਸ਼ਾਮਲ ਹੋਏ ਲੇਖਕਾਂ, ਵਿਦਵਾਨਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ। ਪਲਵਿੰਦਰ ਸਿੰਘ ਰੰਧਾਵਾ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ।






