ਕਾਬੁਲ: ਦੁਨੀਆ ਜਿੱਥੇ ਮੱਧ ਪੂਰਬ ਯੁੱਧ ਨਾਲ ਸਹਿਮੀ ਹੋਈ ਹੈ , ਉੱਥੇ ਹੀ , ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਸਥਿਤੀ ਕਾਬੂ ਤੋਂ ਬਾਹਰ ਹੋ ਗਈ ਹੈ। ਤਾਲਿਬਾਨ ਨੇ ਪਾਕਿਸਤਾਨ ‘ਤੇ ਬੀਤੀ ਦੇਰ ਰਾਤ ਕਾਬੁਲ ਵਿੱਚ ਇੱਕ ਡਰੱਗ ਪੁਨਰਵਾਸ ਕੇਂਦਰ (ਹਸਪਤਾਲ) ‘ਤੇ ਬੰਬਾਰੀ ਕਰਨ ਦਾ ਦੋਸ਼ ਲਗਾਇਆ ਹੈ। ਇਸ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ 400 ਤੱਕ ਪਹੁੰਚ ਗਈ ਹੈ।
ਹਸਪਤਾਲ ਬਣਿਆ ਕਬਰਸਤਾਨ
ਅਫ਼ਗਾਨਿਸਤਾਨ ਦੇ ਉਪ ਬੁਲਾਰੇ ਹਮਦੁੱਲਾ ਫਿਤਰਤ ਦੇ ਅਨੁਸਾਰ, ਪਾਕਿਸਤਾਨੀ ਹਵਾਈ ਸੈਨਾ ਦੇ ਹਮਲਿਆਂ ਵਿੱਚ ਹਸਪਤਾਲ ਦਾ ਇੱਕ ਵੱਡਾ ਹਿੱਸਾ ਮਲਬੇ ਵਿੱਚ ਬਦਲ ਗਿਆ। ਹੁਣ ਤੱਕ, 400 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ, ਜਦੋਂ ਕਿ 250 ਤੋਂ ਵੱਧ ਜ਼ਖਮੀ ਹਨ। ਬਚਾਅ ਟੀਮਾਂ ਹੲਲੇ ਵੀ ਮਲਬੇ ਵਿੱਚੋਂ ਲਾਸ਼ਾਂ ਕੱਢਣ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਪਾਕਿਸਤਾਨ ਦਾ ਇਨਕਾਰ ਅਤੇ ਰਾਸ਼ਿਦ ਖਾਨ ਦੀ ਅਪੀਲ
ਪਾਕਿਸਤਾਨ ਨੇ ਇਨ੍ਹਾਂ ਦਾਅਵਿਆਂ ਨੂੰ ਸਪੱਸ਼ਟ ਤੌਰ ‘ਤੇ ਰੱਦ ਕਰ ਦਿੱਤਾ ਹੈ, ਇਹ ਕਹਿੰਦੇ ਹੋਏ ਕਿ ਉਨ੍ਹਾਂ ਨੇ ਕਿਸੇ ਵੀ ਨਾਗਰਿਕ ਸਥਾਨ ਜਾਂ ਹਸਪਤਾਲ ਨੂੰ ਨਿਸ਼ਾਨਾ ਨਹੀਂ ਬਣਾਇਆ। ਇਸ ਦੌਰਾਨ, ਅਫਗਾਨਿਸਤਾਨ ਦੇ ਸਟਾਰ ਕ੍ਰਿਕਟਰ ਰਾਸ਼ਿਦ ਖਾਨ ਨੇ ਸੋਸ਼ਲ ਮੀਡੀਆ ‘ਤੇ ਹਮਲੇ ਦੀਆਂ ਵੀਡੀਓਜ਼ ਸਾਂਝੀਆਂ ਕੀਤੀਆਂ, ਆਪਣਾ ਗੁੱਸਾ ਜ਼ਾਹਰ ਕੀਤਾ ਅਤੇ ਸੰਯੁਕਤ ਰਾਸ਼ਟਰ (ਯੂ.ਐਨ.) ਨੂੰ ਤੁਰੰਤ ਦਖਲ ਦੇਣ ਦੀ ਮੰਗ ਕੀਤੀ। ਦੋਵਾਂ ਦੇਸ਼ਾਂ ਵਿਚਕਾਰ ਇਹ ਖੂਨੀ ਟਕਰਾਅ 22 ਫਰਵਰੀ ਤੋਂ ਜਾਰੀ ਹੈ।










