ਦਿੱਲੀ ਦੇ ਇੱਕ ਕਾਰੋਬਾਰੀ ਤੋਂ ਕਰੋੜਾਂ ਰੁਪਏ ਦੀ ਫਿਰੌਤੀ ਮੰਗਣ ਵਾਲਾ ਗੈਂਗਸਟਰ ਪੰਕਜ ਰਾਜਪੂਤ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ

0
122

ਲੁਧਿਆਣਾ: ਦਿੱਲੀ ਦੇ ਇੱਕ ਕਾਰੋਬਾਰੀ ਤੋਂ ਕਰੋੜਾਂ ਰੁਪਏ ਦੀ ਫਿਰੌਤੀ ਮੰਗਣ ਵਾਲੇ ਬਦਨਾਮ ਕੈਟਾਗਰੀ ਬੀ ਗੈਂਗਸਟਰ ਪੰਕਜ ਰਾਜਪੂਤ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਲੁਧਿਆਣਾ ਦੇ ਜਮਾਲਪੁਰ ਸਥਿਤ ਪੁਨੀਤ ਨਗਰ ਵਿੱਚ ਸਰਜੀਕਲ ਸਟ੍ਰਾਈਕ ਕਰ ਗ੍ਰਿਫ਼ਤਾਰ ਕਰ ਲਿਆ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ 16 ਤੋਂ ਵੱਧ ਅਪਰਾਧਿਕ ਮਾਮਲਿਆਂ ਵਿੱਚ ਨਾਮਜ਼ਦ ਇਹ ਖ਼ਤਰਨਾਕ ਅਪਰਾਧੀ ਪਿਛਲੇ ਪੰਜ ਦਿਨਾਂ ਤੋਂ ਆਪਣੇ ਰਿਸ਼ਤੇਦਾਰ ਦੇ ਘਰ ਵਿੱਚ ਬੇਖੌਫ਼ ਲੁਕਿਆ ਹੋਇਆ ਸੀ ਅਤੇ 72 ਘੰਟਿਆਂ ਤੋਂ ਆਪ੍ਰੇਸ਼ਨ ਪ੍ਰਹਾਰ ਚਲਾਉਣ ਵਾਲੀ ਲੁਧਿਆਣਾ ਪੁਲਿਸ ਨੂੰ ਇਸਦੀ ਭਣਕ ਤੱਕ ਨਹੀਂ ਲੱਗੀ।

ਪੰਕਜ ਰਾਜਪੂਤ ਦਾ ਇੱਕ ਬਦਨਾਮ ਅਪਰਾਧਿਕ ਰਿਕਾਰਡ ਹੈ। ਉਸਦਾ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਵਰਗੇ ਵੱਡੇ ਗੈਂਗਾਂ ਨਾਲ ਸਿੱਧਾ ਸਬੰਧ ਹੈ ਅਤੇ ਉਹ ਲੰਬੇ ਸਮੇਂ ਤੋਂ ਪੁਲਿਸ ਤੋਂ ਬਚ ਰਿਹਾ ਸੀ। 2023 ਵਿੱਚ ਜ਼ਮਾਨਤ ‘ਤੇ ਰਿਹਾਅ ਹੋਣ ਤੋਂ ਬਾਅਦ, ਉਹ ਅਮਰੀਕਾ ਭੱਜ ਗਿਆ, ਪਰ ਵਾਪਸ ਆਉਣ ‘ਤੇ, ਉਸਨੇ ਪੰਜਾਬ ਵਿੱਚ ਆਪਣਾ ਨੈੱਟਵਰਕ ਦੁਬਾਰਾ ਸ਼ੁਰੂ ਕਰ ਦਿੱਤਾ। ਰਾਜਪੂਤ ਵਿਰੁੱਧ ਲੁਧਿਆਣਾ ਦੇ ਵੱਖ-ਵੱਖ ਥਾਣਿਆਂ ਦੇ ਨਾਲ-ਨਾਲ ਸੰਗਰੂਰ, ਫਿਰੋਜ਼ਪੁਰ ਅਤੇ ਬਠਿੰਡਾ ਵਿੱਚ ਵੀ ਗੰਭੀਰ ਮਾਮਲੇ ਦਰਜ ਹਨ। ਇਸ ਤੋਂ ਇਲਾਵਾ, 2019 ਵਿੱਚ, ਜਦੋਂ ਉਹ ਲੁਧਿਆਣਾ ਸੈਂਟਰਲ ਜੇਲ੍ਹ ਵਿੱਚ ਕੈਦ ਸੀ, ਤਾਂ ਉਸ ਤੋਂ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਸੀ, ਜੋ ਸਪੱਸ਼ਟ ਤੌਰ ‘ਤੇ ਦਰਸਾਉਂਦਾ ਹੈ ਕਿ ਸਲਾਖਾਂ ਪਿੱਛੇ ਹੋਣ ਦੇ ਬਾਵਜੂਦ ਵੀ ਉਸਦਾ ਪ੍ਰਭਾਵ ਘੱਟ ਨਹੀਂ ਹੋਇਆ।

ਸੂਤਰਾਂ ਦਾ ਕਹਿਣਾ ਹੈ ਕਿ ਪੰਕਜ ਰਾਜਪੂਤ ਦਾ ਨਾਮ ਕਈ ਮਾਮਲਿਆਂ ਵਿੱਚ ਪਕੜੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ, ਭਾਵੇਂ ਉਹ ਮੁਕੁਲ ਮੱਟੂ ਤੋਂ ਬਰਾਮਦ ਹੋਈ 1 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਦੀ ਜ਼ਬਤ ਹੋਵੇ ਜਾਂ ਜਗਰਾਉਂ ਮੁਕਾਬਲੇ ਵਿੱਚ ਫੜੇ ਗਏ ਰੋਸ਼ਨ ਸਿੰਘ ,ਇਨ੍ਹਾਂ ਸਾਰਿਆਂ ਦੇ ਤਾਰ ਪੰਕਜ ਰਾਜਪੂਤ ਨਾਲ ਹੀ ਜੁੜੇ ਹੋਏ ਸਨ । ਦੱਸਿਆ ਜਾ ਰਿਹਾ ਹੈ ਕਿ ਰਾਜਪੂਤ ਦਾ ਨੈੱਟਵਰਕ ਦਰੇਸੀ ਮੈਦਾਨ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਫੈਲਿਆ ਹੋਇਆ ਹੈ, ਜਿੱਥੇ ਦਾ ਇੱਕ ਸਥਾਨਕ ਗੈਂਗਸਟਰ ਉਸਦੇ ਲਈ ਜਮੀਨ ਤਿਆਰ ਕਰਦਾ ਸੀ। ਹੁਣ ਦਿੱਲੀ ਪੁਲਿਸ ਦੀ ਪੁੱਛ-ਗਿੱਛ ਵਿੱਚ ਇਸ ਅੰਤਰਰਾਜੀ ਡਰੱਗ ਅਤੇ ਹਥਿਆਰ ਤਸਕਰੀ ਨੈੱਟਵਰਕ ਨਾਲ ਜੁੜੇ ਕਈ ਉੱਚ-ਪ੍ਰੋਫਾਈਲ ਵਿਅਕਤੀਆਂ ਅਤੇ ਹੋਰ ਗੈਂਗਸਟਰਾਂ ਦੇ ਨਾਮ ਸਾਹਮਣੇ ਆਉਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here