ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇੱਕ ਤਾਜ਼ਾ ਫ਼ੈਸਲੇ ਨਾਲ ਭਾਰਤ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ। ਟਰੰਪ ਨੇ ਰੂਸ ਨਾਲ ਜੁੜੇ ਵਪਾਰ ਦੇ ਮਾਮਲੇ ਵਿੱਚ ਲਗਾਏ ਜਾਣ ਵਾਲੇ ਕਈ ਪਾਬੰਦੀਸ਼ੁਦਾ ਕਦਮਾਂ ਅਤੇ ਟੈਰਿਫਾਂ ਨੂੰ ਫਿਲਹਾਲ ਲਾਗੂ ਨਾ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਅਜਿਹੇ ਸਮੇਂ ਆਇਆ ਹੈ, ਜਦੋਂ ਰੂਸ ਤੋਂ ਤੇਲ ਖ਼ਰੀਦਣ ਵਾਲੇ ਦੇਸ਼ਾਂ ’ਤੇ ਭਾਰੀ ਟੈਰਿਫ ਲਗਾਉਣ ਦੀ ਸੰਭਾਵਨਾ ਬਣੀ ਹੋਈ ਸੀ।
ਬੀਤੀ ਦੇਰ ਰਾਤ ਜਾਰੀ ਕੀਤੇ ਗਏ ਕਾਰਜਕਾਰੀ ਹੁਕਮ ਵਿੱਚ ਟਰੰਪ ਨੇ ਕਿਹਾ ਕਿ ਉਹ ‘ਗ੍ਰਾਹਮ ਐਕਟ’ ਤਹਿਤ ਪ੍ਰਸਤਾਵਿਤ ਪਾਬੰਦੀਆਂ ਅਤੇ ਟੈਰਿਫਾਂ ਤੋਂ ਫਿਲਹਾਲ ਛੋਟ ਦੇ ਰਹੇ ਹਨ। ਉਨ੍ਹਾਂ ਮੁਤਾਬਕ, ਇਸ ਸਬੰਧੀ ਅਮਰੀਕੀ ਕਾਂਗਰਸ ਨੂੰ ਇੱਕ ਪ੍ਰਮਾਣ ਪੱਤਰ ਵੀ ਸੌਂਪਿਆ ਗਿਆ ਹੈ, ਜਿਸ ਵਿੱਚ ਮੌਜੂਦਾ ਹਾਲਾਤਾਂ ਦੌਰਾਨ ਇਹ ਛੋਟ ਅਮਰੀਕਾ ਦੇ ਕੌਮੀ ਹਿੱਤ ਵਿੱਚ ਹੋਣ ਦੀ ਗੱਲ ਕਹੀ ਗਈ ਹੈ।
ਹਾਲਾਂਕਿ, ਇਸ ਫੈਸਲੇ ਨੂੰ ਪੱਕੀ ਰਾਹਤ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਟੈਰਿਫਾਂ ਨੂੰ ਸਿਰਫ਼ ਫਿਲਹਾਲ ਰੋਕਿਆ ਗਿਆ ਹੈ। ਭਵਿੱਖ ਵਿੱਚ ਅਮਰੀਕੀ ਪ੍ਰਸ਼ਾਸਨ ਇਨ੍ਹਾਂ ਨੂੰ ਦੁਬਾਰਾ ਲਾਗੂ ਕਰਨ ਦਾ ਫੈਸਲਾ ਕਰ ਸਕਦਾ ਹੈ।
ਕੀ ਸੀ ਟਰੰਪ ਦੇ ਟੈਰਿਫ ਵਾਲੇ ਫੈਸਲੇ ਦਾ ਪ੍ਰਸਤਾਵ?
ਜਾਣਕਾਰੀ ਦੇ ਅਨੁਸਾਰ, ਟਰੰਪ ਨੇ ‘ਲਿੰਡਸੇ ਓ. ਗ੍ਰਾਹਮ ਸੈਂਕਸ਼ਨਿੰਗ ਰਸ਼ੀਆ ਐਂਡ ਈਰਾਨ ਐਕਟ ਆਫ਼ 2026’ ਨਾਮਕ ਕਾਨੂੰਨ ’ਤੇ ਦਸਤਖ਼ਤ ਕੀਤੇ ਸਨ। ਇਸ ਕਾਨੂੰਨ ਤਹਿਤ ਰੂਸੀ ਕੱਚੇ ਤੇਲ ਦੇ ਪ੍ਰਮੁੱਖ ਖ਼ਰੀਦਦਾਰ ਦੇਸ਼ਾਂ ’ਤੇ ਦਬਾਅ ਬਣਾਉਣ ਲਈ ਸਖ਼ਤ ਵਪਾਰਕ ਕਦਮ ਚੁੱਕਣ ਦੀ ਵਿਵਸਥਾ ਸੀ।
ਇਸ ਵਿੱਚ ਚੀਨ, ਭਾਰਤ, ਸਲੋਵਾਕੀਆ, ਹੰਗਰੀ ਅਤੇ ਅਜ਼ਰਬਾਈਜਾਨ ਵਰਗੇ ਦੇਸ਼ਾਂ ਤੋਂ ਅਮਰੀਕਾ ਆਉਣ ਵਾਲੀਆਂ ਵਸਤਾਂ ’ਤੇ 100 ਫ਼ੀਸਦੀ ਤੱਕ ਟੈਰਿਫ ਲਗਾਉਣ ਦਾ ਪ੍ਰਸਤਾਵ ਸ਼ਾਮਲ ਸੀ। ਇਸ ਤੋਂ ਇਲਾਵਾ, ਰੂਸ ਨਾਲ ਸਬੰਧਤ ਕਈ ਸੰਸਥਾਵਾਂ ’ਤੇ ਪਾਬੰਦੀਆਂ ਅਤੇ ਰੂਸ ਤੋਂ ਅਮਰੀਕਾ ਵਿੱਚ ਆਉਣ ਵਾਲੇ ਊਰਜਾ ਉਤਪਾਦਾਂ ’ਤੇ 500 ਫ਼ੀਸਦੀ ਤੱਕ ਟੈਰਿਫ ਲਗਾਉਣ ਦੀ ਵਿਵਸਥਾ ਵੀ ਦੱਸੀ ਗਈ ਸੀ।
ਇਸ ਕਦਮ ਲਈ ਤੈਅ ਕੀਤੀ ਗਈ ਇੱਕ ਮਹੀਨੇ ਦੀ ਮਿਆਦ 18 ਅਕਤੂਬਰ ਨੂੰ ਖ਼ਤਮ ਹੋਣੀ ਸੀ। ਪਰ ਨਵੇਂ ਕਾਰਜਕਾਰੀ ਹੁਕਮ ਨਾਲ ਇਨ੍ਹਾਂ ਪ੍ਰਸਤਾਵਿਤ ਕਦਮਾਂ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ।
ਕੀ ਹੈ ਗ੍ਰਾਹਮ ਐਕਟ?
ਇਸ ਕਾਨੂੰਨ ਦਾ ਮੁੱਖ ਉਦੇਸ਼ ਰੂਸ ਨੂੰ ਮਿਲਣ ਵਾਲੇ ਵਿੱਤੀ ਸਰੋਤਾਂ ਨੂੰ ਘਟਾਉਣਾ ਦੱਸਿਆ ਗਿਆ ਹੈ, ਤਾਂ ਜੋ ਯੂਕਰੇਨ ਵਿਰੁੱਧ ਜੰਗ ਜਾਰੀ ਰੱਖਣ ਲਈ ਰੂਸ ਦੀ ਸਮਰੱਥਾ ’ਤੇ ਅਸਰ ਪਾਇਆ ਜਾ ਸਕੇ।
ਇਸ ਤਹਿਤ ਰੂਸੀ ਅਧਿਕਾਰੀਆਂ, ਬੈਂਕਾਂ, ਊਰਜਾ ਖੇਤਰ ਨਾਲ ਜੁੜੀਆਂ ਸੰਸਥਾਵਾਂ ਅਤੇ ਰੂਸ ਦੀਆਂ ਫ਼ੌਜੀ ਗਤੀਵਿਧੀਆਂ ਨੂੰ ਸਹਾਇਤਾ ਦੇਣ ਵਾਲੀਆਂ ਵਿਦੇਸ਼ੀ ਇਕਾਈਆਂ ਨੂੰ ਨਿਸ਼ਾਨਾ ਬਣਾਉਣ ਦੀ ਵਿਵਸਥਾ ਸੀ। ਇਸ ਦੇ ਨਾਲ ਹੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਰੂਸੀ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਵਿਰੁੱਧ ਪਾਬੰਦੀਆਂ ਦਾ ਵੀ ਪ੍ਰਬੰਧ ਦੱਸਿਆ ਗਿਆ ਸੀ।
ਕਾਨੂੰਨ ਰਾਹੀਂ ਉਨ੍ਹਾਂ ਦੇਸ਼ਾਂ ’ਤੇ ਵੀ ਆਰਥਿਕ ਦਬਾਅ ਬਣਾਉਣ ਦਾ ਰਾਹ ਖੁੱਲ੍ਹਦਾ, ਜਿਹੜੇ ਰੂਸ ਤੋਂ ਤੇਲ ਅਤੇ ਗੈਸ ਦੀ ਖ਼ਰੀਦ ਕਰਦੇ ਹਨ। ਹੁਣ ਟਰੰਪ ਵੱਲੋਂ ਟੈਰਿਫਾਂ ਨੂੰ ਫਿਲਹਾਲ ਰੋਕਣ ਦੇ ਫੈਸਲੇ ਨਾਲ ਭਾਰਤ ਸਮੇਤ ਪ੍ਰਭਾਵਿਤ ਹੋ ਸਕਣ ਵਾਲੇ ਦੇਸ਼ਾਂ ਨੂੰ ਕੁਝ ਸਮੇਂ ਲਈ ਰਾਹਤ ਮਿਲ ਸਕਦੀ ਹੈ।








