ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Chief Minister Arvind Kejriwal) ਦਾ ਰਾਮ ਮੰਦਰ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ‘ਭਗਵਾਨ ਰਾਮ ਜਾਤ-ਪਾਤ ‘ਚ ਵਿਸ਼ਵਾਸ ਨਹੀਂ ਰੱਖਦੇ ਸਨ… ‘ ਰਾਮ ਰਾਜ ਦਾ ਅਰਥ ਸੁਖ ਅਤੇ ਸ਼ਾਂਤੀ ਦਾ ਰਾਜ ਹੁੰਦਾ ਹੈ । ਸੀਐਮ ਕੇਜਰੀਵਾਲ ਨੇ ਅੱਗੇ ਕਿਹਾ ਕਿ ਅਸੀਂ ਬਜ਼ੁਰਗਾਂ ਨੂੰ ਅਯੁੱਧਿਆ ਭੇਜਾਂਗੇ। ਉਨ੍ਹਾਂ ਅੱਗੇ ਕਿਹਾ ਕਿ ਸਾਡੀ ਕੋਸ਼ਿਸ਼ ਰਹੇਗੀ ਕਿ ਕੋਈ ਵੀ ਭੁੱਖਾ ਨਾ ਸੌਂਵੇ। ਸਾਰਿਆਂ ਲਈ ਮਿਆਰੀ ਸਿੱਖਿਆ ਅਤੇ ਸਿਹਤ ਸੇਵਾਵਾਂ ਉਪਲਬਧ ਹੋਣੀਆਂ ਚਾਹੀਦੀਆਂ ਹਨ।
ਮੁੱਖ ਮੰਤਰੀ ਕੇਜਰੀਵਾਲ ਨੇ ਉਪਰੋਕਤ ਗੱਲਾਂ ਦਿੱਲੀ ਸਰਕਾਰ ਵੱਲੋਂ ਆਯੋਜਿਤ ਗਣਤੰਤਰ ਦਿਵਸ ਸਮਾਰੋਹ ਦੌਰਾਨ ਕਹੀਆਂ। ਛਤਰਸਾਲ ਸਟੇਡੀਅਮ ‘ਚ ਰਾਜ ਪੱਧਰੀ ਗਣਤੰਤਰ ਦਿਵਸ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 22 ਜਨਵਰੀ ਨੂੰ ਅਯੁੱਧਿਆ ‘ਚ ਰਾਮ ਮੰਦਰ ਦੀ ਸਥਾਪਨਾ ਪੂਰੀ ਦੁਨੀਆ ਲਈ ਖੁਸ਼ੀ ਦੀ ਗੱਲ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਯੁੱਧਿਆ ਦੀ ਯਾਤਰਾ ਦਾ ਆਯੋਜਨ ਕਰਨ ਲਈ ਬਹੁਤ ਸਾਰੀਆਂ ਬੇਨਤੀਆਂ ਆਈਆਂ ਹਨ। ਜਲਦੀ ਹੀ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਉੱਥੇ ਲਿਜਾਣ ਦੀ ਕੋਸ਼ਿਸ਼ ਕਰਾਂਗੇ।