HomeNationalਮਣੀਪੁਰ 'ਚ ਮਿਲਾਵਟੀ ਸ਼ਰਾਬ ਦਾ ਕਹਿਰ! 48 ਘੰਟਿਆਂ 'ਚ 15 ਲੋਕਾਂ ਦੀ...

ਮਣੀਪੁਰ ‘ਚ ਮਿਲਾਵਟੀ ਸ਼ਰਾਬ ਦਾ ਕਹਿਰ! 48 ਘੰਟਿਆਂ ‘ਚ 15 ਲੋਕਾਂ ਦੀ ਮੌਤ, 180 ਤੋਂ ਵੱਧ ਹਸਪਤਾਲ ਦਾਖ਼ਲ

ਚੰਦੇਲ: ਮਣੀਪੁਰ ਦੇ ਚੰਦੇਲ ਜ਼ਿਲ੍ਹੇ ਵਿੱਚ ਮਿਲਾਵਟੀ ਸ਼ਰਾਬ ਪੀਣ ਦੇ ਸ਼ੱਕ ਕਾਰਨ ਵੱਡਾ ਹਾਦਸਾ ਸਾਹਮਣੇ ਆਇਆ ਹੈ। ਪਿਛਲੇ 48 ਘੰਟਿਆਂ ਦੌਰਾਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ, ਜਦਕਿ 180 ਤੋਂ ਵੱਧ ਲੋਕਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਲਈ ਸਿਹਤ ਸਬੰਧੀ ਐਡਵਾਈਜ਼ਰੀ ਜਾਰੀ ਕਰਦਿਆਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।

ਜਾਣਕਾਰੀ ਅਨੁਸਾਰ, ਇਹ ਮੌਤਾਂ 18 ਤੋਂ 20 ਨਵੰਬਰ ਦੇ ਵਿਚਕਾਰ ਹੋਈਆਂ। ਚੰਦੇਲ ਦੇ ਪੁਲਿਸ ਸੁਪਰਡੈਂਟ ਵੱਲੋਂ ਜਾਰੀ ਸ਼ੁਰੂਆਤੀ ਬਿਆਨ ਵਿੱਚ 8 ਮੌਤਾਂ ਦੀ ਪੁਸ਼ਟੀ ਕੀਤੀ ਗਈ ਸੀ। ਕੁਝ ਪੀੜਤਾਂ ਦੀ ਮੌਤ ਘਰਾਂ ਵਿੱਚ ਹੀ ਹੋ ਗਈ, ਜਦਕਿ ਕੁਝ ਨੇ ਹਸਪਤਾਲ ਲਿਜਾਂਦੇ ਸਮੇਂ ਜਾਂ ਇਲਾਜ ਦੌਰਾਨ ਦਮ ਤੋੜ ਦਿੱਤਾ।

ਸੁਗਨੂ ਤੋਂ ਲਿਆਂਦੀ ਗਈ ਸੀ ਸ਼ੱਕੀ ਸ਼ਰਾਬ

ਚੰਦੇਲ ਪੁਲਿਸ ਵੱਲੋਂ ਬਾਅਦ ਵਿੱਚ ਦਿੱਤੀ ਗਈ ਜਾਣਕਾਰੀ ਮੁਤਾਬਕ, ਪੀੜਤਾਂ ਵੱਲੋਂ ਪੀਤੀ ਗਈ ਸ਼ਰਾਬ ਕਾਕਚਿੰਗ ਜ਼ਿਲ੍ਹੇ ਦੇ ਸੁਗਨੂ ਇਲਾਕੇ ਤੋਂ ਲਿਆਂਦੀ ਗਈ ਹੋਣ ਦਾ ਸ਼ੱਕ ਹੈ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਇਹ ਸ਼ਰਾਬ ਚੰਦੇਲ ਜ਼ਿਲ੍ਹੇ ਵਿੱਚ ਤਿਆਰ ਨਹੀਂ ਕੀਤੀ ਗਈ ਸੀ। ਮੌਤਾਂ ਨਾਲ ਸਬੰਧਤ ਪੰਜ ਮਾਮਲੇ ਸੁਗਨੂ ਪੁਲਿਸ ਥਾਣੇ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ।

ਪੁਲਿਸ ਨੇ ਲੋਕਾਂ ਅਤੇ ਮੀਡੀਆ ਨੂੰ ਅਪੀਲ ਕੀਤੀ ਹੈ ਕਿ ਇਸ ਘਟਨਾ ਬਾਰੇ ਬਿਨਾਂ ਪੁਸ਼ਟੀ ਕੀਤੀ ਜਾਣਕਾਰੀ ਨਾ ਫੈਲਾਈ ਜਾਵੇ ਅਤੇ ਜਾਂਚ ਪੂਰੀ ਹੋਣ ਤੋਂ ਪਹਿਲਾਂ ਕਿਸੇ ਨਤੀਜੇ ‘ਤੇ ਨਾ ਪਹੁੰਚਿਆ ਜਾਵੇ।

ਪ੍ਰਸ਼ਾਸਨ ਵੱਲੋਂ ਸਿਹਤ ਸਬੰਧੀ ਐਡਵਾਈਜ਼ਰੀ ਜਾਰੀ

ਚੰਦੇਲ ਦੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਸਿਹਤ ਸਬੰਧੀ ਸਲਾਹ ਵਿੱਚ ਕਿਹਾ ਗਿਆ ਹੈ ਕਿ ਮੌਤਾਂ ਦੇ ਅਸਲ ਕਾਰਨ ਦੀ ਹਾਲੇ ਤੱਕ ਮੈਡੀਕਲ ਅਤੇ ਵਿਗਿਆਨਕ ਤੌਰ ‘ਤੇ ਪੁਸ਼ਟੀ ਨਹੀਂ ਹੋਈ। ਮਾਮਲੇ ਦੀ ਜਾਂਚ ਜਾਰੀ ਹੈ। ਹਾਲਾਂਕਿ ਸਾਵਧਾਨੀ ਵਜੋਂ ਲੋਕਾਂ ਨੂੰ ਸਥਾਨਕ ਪੱਧਰ ‘ਤੇ ਤਿਆਰ ਕੀਤੀ ਗਈ ਜਾਂ ਸ਼ੱਕੀ ਸਰੋਤਾਂ ਤੋਂ ਮਿਲਣ ਵਾਲੀ ਸ਼ਰਾਬ ਦਾ ਸੇਵਨ ਨਾ ਕਰਨ ਲਈ ਕਿਹਾ ਗਿਆ ਹੈ।

ਐਡਵਾਈਜ਼ਰੀ ਮੁਤਾਬਕ, ਜੇਕਰ ਕੋਈ ਵਿਅਕਤੀ ਸ਼ਰਾਬ ਪੀਣ ਤੋਂ ਬਾਅਦ ਉਲਟੀਆਂ, ਪੇਟ ਦਰਦ, ਸਿਰ ਦਰਦ, ਚੱਕਰ ਆਉਣੇ, ਧੁੰਦਲਾ ਦਿਖਾਈ ਦੇਣਾ ਜਾਂ ਸਾਹ ਲੈਣ ਵਿੱਚ ਮੁਸ਼ਕਲ ਵਰਗੇ ਲੱਛਣ ਮਹਿਸੂਸ ਕਰਦਾ ਹੈ ਤਾਂ ਉਸ ਨੂੰ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਜਿਨ੍ਹਾਂ ਲੋਕਾਂ ਨੇ ਉਸੇ ਸ਼ੱਕੀ ਸਰੋਤ ਤੋਂ ਸ਼ਰਾਬ ਪੀਤੀ ਹੈ, ਉਨ੍ਹਾਂ ਨੂੰ ਲੱਛਣ ਨਾ ਹੋਣ ਦੇ ਬਾਵਜੂਦ ਵੀ ਮੈਡੀਕਲ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ।

ਪ੍ਰਸ਼ਾਸਨ ਨੇ ਲੋਕਾਂ ਨੂੰ ਸ਼ੱਕੀ ਸ਼ਰਾਬ ਨਾ ਪੀਣ, ਨਾ ਵੇਚਣ, ਨਾ ਕਿਸੇ ਹੋਰ ਨੂੰ ਦੇਣ ਅਤੇ ਨਾ ਹੀ ਉਸ ਨੂੰ ਖ਼ੁਦ ਨਸ਼ਟ ਕਰਨ ਦੀ ਅਪੀਲ ਕੀਤੀ ਹੈ। ਜੇਕਰ ਕਿਸੇ ਨੂੰ ਮਿਲਾਵਟੀ ਸ਼ਰਾਬ ਦੀ ਤਿਆਰੀ, ਸਟੋਰੇਜ ਜਾਂ ਵਿਕਰੀ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਨਜ਼ਦੀਕੀ ਪੁਲਿਸ ਥਾਣੇ ਨੂੰ ਸੂਚਿਤ ਕਰਨ ਲਈ ਕਿਹਾ ਗਿਆ ਹੈ।

ਮੁੱਖ ਮੰਤਰੀ ਵੱਲੋਂ ਹਸਪਤਾਲਾਂ ਦਾ ਦੌਰਾ, ਜਾਂਚ ਦੇ ਹੁਕਮ

ਮਣੀਪੁਰ ਦੇ ਮੁੱਖ ਮੰਤਰੀ ਯੁਮਨਾਮ ਖੇਮਚੰਦ ਸਿੰਘ ਨੇ ਵੀਰਵਾਰ ਨੂੰ ਇੰਫਾਲ ਪੱਛਮੀ ਸਥਿਤ ਸ਼ਿਜਾ ਹਸਪਤਾਲ ਅਤੇ ਰਿਸਰਚ ਇੰਸਟੀਚਿਊਟ ਅਤੇ ਇੰਫਾਲ ਪੂਰਬੀ ਦੇ ਬਬੀਨਾ ਹਸਪਤਾਲ ਦਾ ਦੌਰਾ ਕੀਤਾ। ਉਨ੍ਹਾਂ ਨੇ ਉੱਥੇ ਇਲਾਜ ਅਧੀਨ ਮਰੀਜ਼ਾਂ ਦੀ ਸਿਹਤ ਬਾਰੇ ਡਾਕਟਰਾਂ ਅਤੇ ਹਸਪਤਾਲ ਪ੍ਰਬੰਧਕਾਂ ਤੋਂ ਜਾਣਕਾਰੀ ਲਈ।

ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਸਰਕਾਰ ਵੱਲੋਂ ਮਰੀਜ਼ਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।

ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਚੰਦੇਲ ਜ਼ਿਲ੍ਹੇ ਵਿੱਚ ਮੈਡੀਕਲ ਟੀਮ ਭੇਜੀ ਗਈ ਹੈ, ਜਿਸ ਵਿੱਚ ਜਨਰਲ ਮੈਡੀਸਨ ਦੇ ਮਾਹਿਰ ਡਾਕਟਰ ਸ਼ਾਮਲ ਹਨ। ਟੀਮ ਦੇ ਨਾਲ ਲੋੜੀਂਦੀਆਂ ਦਵਾਈਆਂ ਵੀ ਭੇਜੀਆਂ ਗਈਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਅਤੇ ਸਿਹਤ ਵਿਭਾਗ ਨਾਲ ਮਿਲ ਕੇ ਹਾਲਾਤ ‘ਤੇ ਨਜ਼ਰ ਰੱਖ ਰਿਹਾ ਹੈ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments