ਕੈਨੇਡਾ ‘ਚ ਪੰਜਾਬ ਮੂਲ ਦੇ ਸਾਬਕਾ ਪੁਲਿਸ ਅਧਿਕਾਰੀ ਗ੍ਰਿਫ਼ਤਾਰ , ਲੱਗੇ ਗੰਭੀਰ ਦੋਸ਼

0
5

ਵੈਨਕੂਵਰ: ਕੈਨੇਡਾ ‘ਚ ਪੰਜਾਬ ਮੂਲ ਦੇ ਸਾਬਕਾ ਪੁਲਿਸ ਅਧਿਕਾਰੀ ਕੁਲਵਿੰਦਰ ਦੁਸਾਂਝ ‘ਤੇ ਧੋਖਾਧੜੀ, ਚੋਰੀ ਅਤੇ ਅਹੁਦੇ ਦੀ ਦੁਰਵਰਤੋਂ ਦੇ ਗੰਭੀਰ ਦੋਸ਼ ਲੱਗੇ ਹਨ। ਵੈਨਕੂਵਰ ਪੁਲਿਸ ਨੇ ਕਰੀਬ ਢਾਈ ਸਾਲ ਤੱਕ ਚੱਲੀ ਜਾਂਚ ਤੋਂ ਬਾਅਦ ਉਸਨੂੰ ਸਰੀ ਸਥਿਤ ਉਸਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ ਦੋਸਾਂਝ ਦੇ ਵਕੀਲਾਂ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਉਸ ਨੂੰ ਬੇਕਸੂਰ ਕਰਾਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਕਲਵਿੰਦਰ ਦੁਸਾਂਝ ਨੇ ਵੈਨਕੂਵਰ ਪੁਲਿਸ ਵਿਭਾਗ ਵਿੱਚ 25 ਸਾਲ ਤੋਂ ਵੱਧ ਸਮੇਂ ਤੋਂ ਸੇਵਾਵਾਂ ਨਿਭਾਈਆਂ ਹਨ। ਉਹ ਪੁਲਿਸ ਦੀ ਵਿੱਤੀ ਅਪਰਾਧ ਯੂਨਿਟ ਵਿੱਚ ਸੀਨੀਅਰ ਜਾਸੂਸ ਵੀ ਰਹਿ ਚੁੱਕਾ ਹੈ। ਪੁਲਿਸ ਨੇ ਉਸ ਖ਼ਿਲਾਫ਼ ਕੁੱਲ 9 ਦੋਸ਼ ਦਰਜ ਕੀਤੇ ਹਨ। ਇਨ੍ਹਾਂ ਵਿੱਚ 5 ਹਜ਼ਾਰ ਕੈਨੇਡੀਅਨ ਡਾਲਰਾਂ ਤੋਂ ਵੱਧ ਦੀ ਧੋਖਾਧੜੀ ਦੇ 4 ਕਾਉਂਟ, ਚੋਰੀ ਦੇ 4 ਮਾਮਲੇ ਅਤੇ ਪਬਲਿਕ ਸਰਵੈਂਟ ਵਜੋਂ ਭਰੋਸੇ ਦੀ ਉਲੰਘਣਾ ਦੀ ਇੱਕ ਗਿਣਤੀ ਸ਼ਾਮਲ ਹੈ।

ਇਸ ਮਾਮਲੇ ਵਿੱਚ 51 ਸਾਲਾ ਸਰਬਜੀਤ ਸਿੰਘ ਗਿੱਲ ਨੂੰ ਵੀ ਸਹਿ ਮੁਲਜ਼ਮ ਬਣਾਇਆ ਗਿਆ ਹੈ। ਉਸ ‘ਤੇ ਧੋਖਾਧੜੀ ਅਤੇ ਚੋਰੀ ਨਾਲ ਸਬੰਧਤ ਛੇ ਦੋਸ਼ ਲਾਏ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਦੇ ਕਥਿਤ ਵਿੱਤੀ ਅਪਰਾਧ ਦਸੰਬਰ 2017 ਤੋਂ ਜੁਲਾਈ 2025 ਦਰਮਿਆਨ ਵੈਨਕੂਵਰ, ਸਰੀ ਅਤੇ ਬ੍ਰਿ ਟਿਸ਼ ਕੋਲੰਬੀਆ ਦੇ ਵੱਖ-ਵੱਖ ਖੇਤਰਾਂ ਵਿੱਚ ਹੋਏ।

ਚੈਰਿਟੀ ਦਫ਼ਤਰ ‘ਤੇ ਵੀ ਪੁਲਿਸ ਦੀ ਕਾਰਵਾਈ
ਦੁਸਾਂਝ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਸਰੀ ‘ਚ ਉਸ ਦੇ ਘਰ ਦੇ ਨਾਲ-ਨਾਲ ‘ਕਿਡਸਪਲੇ ਫਾਊਂਡੇਸ਼ਨ’ ਦੇ ਦਫ਼ਤਰ ਦੀ ਤਲਾਸ਼ੀ ਲਈ। ਪੁਲਿਸ ਟੀਮਾਂ ਨੇ ਕਾਰਵਾਈ ਦੌਰਾਨ ਦਸਤਾਵੇਜ਼ ਅਤੇ ਡਿਜੀਟਲ ਸਮੱਗਰੀ ਨਾਲ ਸਬੰਧਤ ਕਈ ਸਬੂਤ ਕਬਜ਼ੇ ਵਿੱਚ ਲਏ ਹਨ। ਪੁਲਿਸ ਅਨੁਸਾਰ ਇਹ ਜਾਂਚ ਕਾਫੀ ਸਮੇਂ ਤੋਂ ਗੁਪਤ ਤਰੀਕੇ ਨਾਲ ਚੱਲ ਰਹੀ ਸੀ।

ਨੌਜਵਾਨਾਂ ਨੂੰ ਨਸ਼ਿਆਂ ਅਤੇ ਅਪਰਾਧਾਂ ਤੋਂ ਦੂਰ ਰੱਖਣ ਲਈ ਜਥੇਬੰਦੀ ਦਾ ਕੀਤਾ ਗਿਆ ਸੀ ਗਠਨ
ਕਲਵਿੰਦਰ ਦੁਸਾਂਝ ਨੇ ਸਾਲ 2015 ਵਿੱਚ ‘ਕਿਡਸਪਲੇ ਫਾਊਂਡੇਸ਼ਨ’ ਦੀ ਸ਼ੁਰੂਆਤ ਕੀਤੀ ਸੀ। ਸੰਸਥਾ ਦੇ ਮਾਧਿਅਮ ਨਾਲ ਜੋਖਮ ਵਾਲੇ ਮਾਹੌਲ ਵਿੱਚ ਰਹਿ ਰਹੇ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ, ਮੈਂਟਰਸ਼ਿਪ ਅਤੇ ਹੋਰ ਗਤੀਵਿਧੀਆਂ ਨਾਲ ਜੋੜਨ ਦਾ ਕੰਮ ਕੀਤਾ ਗਿਆ ਸੀ। ਇਸ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ, ਗੈਂਗ ਗਤੀਵਿਧੀਆਂ ਅਤੇ ਅਪਰਾਧਾਂ ਤੋਂ ਦੂਰ ਰੱਖਣਾ ਸੀ। ਇਹ ਮਾਮਲਾ ਇਸ ਲਈ ਸਭ ਤੋਂ ਵੱਧ ਚਰਚਾ ‘ਚ ਹੈ ਕਿਉਂਕਿ ਦੋਸ਼ਾਂ ਦਾ ਸਾਹਮਣਾ ਕਰ ਰਹੇ ਦੋਸਾਂਝ ਖੁਦ ਪੁਲਿਸ ਦੀ ਵਿੱਤੀ ਅਪਰਾਧ ਜਾਂਚ ਯੂਨਿਟ ‘ਚ ਕੰਮ ਕਰ ਚੁੱਕੇ ਹਨ।

ਵਕੀਲਾਂ ਨੇ ਦੋਸ਼ਾਂ ਨੂੰ ਦੱਸਿਆ ਗਲਤ
ਦੁਸਾਂਝ ਦੀ ਕਾਨੂੰਨੀ ਟੀਮ ਨੇ ਪੁਲਿਸ ਵੱਲੋਂ ਲਾਏ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਵਕੀਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੁਵੱਕਿਲ ਨੇ ਕੋਈ ਅਪਰਾਧ ਨਹੀਂ ਕੀਤਾ ਹੈ ਅਤੇ ਉਨ੍ਹਾਂ ਨੂੰ ਬੇਕਸੂਰ ਸਾਬਤ ਹੋਣ ਦਾ ਭਰੋਸਾ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਸਿਰਫ਼ ਗ੍ਰਿਫਤਾਰੀ ਦੇ ਆਧਾਰ ‘ਤੇ ਦੋਸ਼ੀ ਨਹੀਂ ਮੰਨਿਆ ਜਾ ਸਕਦਾ ਹੈ। ਫਿਲਹਾਲ ਇਸ ਮਾਮਲੇ ‘ਚ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਅਤੇ ਅਦਾਲਤ ‘ਚ ਸੁਣਵਾਈ ਹਾਲੇ ਸ਼ੁਰੂ ਹੋਣੀ ਹੈ। ਦੋਸ਼ਾਂ ਨਾਲ ਸਬੰਧਤ ਪੂਰੀ ਤਸਵੀਰ ਪੁਲਿਸ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।

LEAVE A REPLY

Please enter your comment!
Please enter your name here