ਨਵੀਂ ਦਿੱਲੀ: ਗਾਇਕਾ ਸੋਨਾ ਮਹਾਪਾਤਰਾ ਨੇ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ’ਤੇ ਇੱਕ ਵਾਰ ਫਿਰ ਤਿੱਖਾ ਨਿਸ਼ਾਨਾ ਸਾਧਿਆ ਹੈ। ਆਪਣੇ ਪ੍ਰੋਫੈਸ਼ਨਲ ਗਾਇਕੀ ਦੇ 20 ਸਾਲਾਂ ਦੇ ਸਫ਼ਰ ਨੂੰ ਯਾਦ ਕਰਦਿਆਂ ਸੋਨਾ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਸਲਮਾਨ ਖ਼ਾਨ ਨਾਲ ਪੁਰਾਣੇ ਵਿਵਾਦ ਅਤੇ ਉਨ੍ਹਾਂ ਦੀ ਗਾਇਕੀ ਨੂੰ ਲੈ ਕੇ ਤਨਜ਼ ਕੱਸਿਆ।
ਸੋਨਾ ਨੇ ਇਹ ਵੀ ਦੱਸਿਆ ਕਿ ਸਲਮਾਨ ਖ਼ਾਨ ਦੀ ਆਲੋਚਨਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਆਨਲਾਈਨ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਸਵਾਲ ਕੀਤਾ ਕਿ ਕੀ ਬਾਲੀਵੁੱਡ ਵਿੱਚ ਕੁਝ ਮੌਕੇ ਗੁਆਉਣ ਦਾ ਉਨ੍ਹਾਂ ਨੂੰ ਸੱਚਮੁੱਚ ਅਫ਼ਸੋਸ ਹੋਣਾ ਚਾਹੀਦਾ ਹੈ?
ਤਾਕਤਵਰ ਲੋਕਾਂ ਦੇ ਨੇੜੇ ਰਹਿਣਾ ਹੀ ਸਫ਼ਲਤਾ ਨਹੀਂ
ਸੋਨਾ ਮਹਾਪਾਤਰਾ ਨੇ ਆਪਣੀ ਵੀਡੀਓ ਵਿੱਚ ਕਿਹਾ ਕਿ ਲੋਕ ਸਫ਼ਲਤਾ ਨੂੰ ਤਾਕਤਵਰ ਲੋਕਾਂ ਦੇ ਨੇੜੇ ਰਹਿਣ ਨਾਲ ਕਿਉਂ ਜੋੜਦੇ ਹਨ। ਉਨ੍ਹਾਂ ਮੁਤਾਬਕ ਕਿਸੇ ਹੋਰ ਦੇ ਸਾਮਰਾਜ ਦਾ ਹਿੱਸਾ ਬਣਨ ਦੀ ਬਜਾਏ ਆਪਣੀ ਵੱਖਰੀ ਪਛਾਣ ਅਤੇ ਸਾਮਰਾਜ ਬਣਾਉਣਾ ਵੱਡੀ ਪ੍ਰਾਪਤੀ ਹੈ।
ਉਨ੍ਹਾਂ ਕਿਹਾ ਕਿ ਉਹ ਇਸ ਗੱਲ ਨੂੰ ਨਹੀਂ ਸਮਝਦੀਆਂ ਕਿ ਕਿਸੇ ਪ੍ਰਭਾਵਸ਼ਾਲੀ ਵਿਅਕਤੀ ਦੇ ਆਲੇ-ਦੁਆਲੇ ਰਹਿਣ ਨੂੰ ਹੀ ਸਫ਼ਲਤਾ ਕਿਉਂ ਮੰਨਿਆ ਜਾਂਦਾ ਹੈ।
2016 ਦੇ ਵਿਵਾਦ ਨੂੰ ਕੀਤਾ ਯਾਦ
ਸੋਨਾ ਨੇ ਸਾਲ 2016 ਵਿੱਚ ਸਲਮਾਨ ਖ਼ਾਨ ਨਾਲ ਹੋਏ ਵਿਵਾਦ ਦਾ ਵੀ ਜ਼ਿਕਰ ਕੀਤਾ। ਉਸ ਸਮੇਂ ਉਨ੍ਹਾਂ ਨੇ ਸਲਮਾਨ ਦੀ ਇੱਕ ਟਿੱਪਣੀ ’ਤੇ ਇਤਰਾਜ਼ ਜਤਾਇਆ ਸੀ। ਸੋਨਾ ਨੇ ਫ਼ਿਲਮ ਦੀ ਸ਼ੂਟਿੰਗ ਕਾਰਨ ਹੋਣ ਵਾਲੀ ਥਕਾਵਟ ਦੀ ਤੁਲਨਾ ਇੱਕ ਔਰਤ ਵੱਲੋਂ ਜ਼ਿੰਦਗੀ ਵਿੱਚ ਸਹੇ ਗਏ ਦਰਦਨਾਕ ਤਜਰਬੇ ਨਾਲ ਕੀਤੀ ਸੀ।
ਗਾਇਕਾ ਦਾ ਦਾਅਵਾ ਹੈ ਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ। ਉਨ੍ਹਾਂ ਦੀਆਂ ਤਸਵੀਰਾਂ ਨਾਲ ਛੇੜਛਾੜ ਕਰਕੇ ਅਸ਼ਲੀਲ ਤਰੀਕੇ ਨਾਲ ਫੈਲਾਇਆ ਗਿਆ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਇਤਰਾਜ਼ਯੋਗ ਸੰਦੇਸ਼ ਭੇਜੇ ਗਏ।
ਸਲਮਾਨ ਦੇ ਨਵੇਂ ਗੀਤ ਨੂੰ ਲੈ ਕੇ ਵੀ ਕੀਤੀ ਟਿੱਪਣੀ
ਸੋਨਾ ਮਹਾਪਾਤਰਾ ਨੇ ਸਲਮਾਨ ਖ਼ਾਨ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ ’ਤੇ ਵੀ ਤਨਜ਼ ਕੱਸਿਆ। ਉਨ੍ਹਾਂ ਕਿਹਾ ਕਿ ਬਾਲੀਵੁੱਡ ਵਿੱਚ ਮੌਕਿਆਂ ਪਿੱਛੇ ਭੱਜਣ ਦੀ ਬਜਾਏ ਆਪਣੀ ਵੱਖਰੀ ਸੰਗੀਤਕ ਪਛਾਣ ਬਣਾਉਣ ਦਾ ਉਨ੍ਹਾਂ ਨੂੰ ਕੋਈ ਅਫ਼ਸੋਸ ਨਹੀਂ ਹੈ।
ਗੀਤ ਦੇ ਬੋਲਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਜਿਸ ਫ਼ਿਲਮ ਨੂੰ ਕਥਿਤ ਤੌਰ ’ਤੇ ਦੇਸ਼ ਦੇ ਜਵਾਨਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਿਤ ਦੱਸਿਆ ਜਾ ਰਿਹਾ ਹੈ, ਉਸ ਵਿੱਚ ਸੁਪਰਸਟਾਰ ਦੋ ਪੈਗ ਲਗਾਉਣ ਅਤੇ ਹਵਾਈ ਜਹਾਜ਼ ਬਣਨ ਦੀਆਂ ਗੱਲਾਂ ਕਰ ਰਹੇ ਹਨ।
ਆਪਣੀ ਪੋਸਟ ਦੇ ਕੈਪਸ਼ਨ ਵਿੱਚ ਸੋਨਾ ਨੇ ਸਲਮਾਨ ਖ਼ਾਨ ਨੂੰ ਨਿਸ਼ਾਨੇ ’ਤੇ ਲੈਂਦਿਆਂ ਲਿਖਿਆ ਕਿ ਜਿਸ ਬਾਲੀਵੁੱਡ ਕਰੀਅਰ ਨੂੰ ਗੁਆਉਣ ਦਾ ਉਨ੍ਹਾਂ ਨੂੰ ਅਫ਼ਸੋਸ ਹੋਣਾ ਚਾਹੀਦਾ ਸੀ, ਉਸ ਬਾਰੇ ਹੁਣ ਉਨ੍ਹਾਂ ਨੂੰ ਕੋਈ ਪਛਤਾਵਾ ਨਹੀਂ ਹੈ।
ਫ਼ਿਲਮ ‘ਮਾਤ੍ਰਭੂਮੀ’ ਦਾ ਗੀਤ ਬਣਿਆ ਚਰਚਾ ਦਾ ਵਿਸ਼ਾ
ਜ਼ਿਕਰਯੋਗ ਹੈ ਕਿ ਸੋਨਾ ਮਹਾਪਾਤਰਾ ਦੀ ਇਹ ਪੋਸਟ ਉਸ ਸਮੇਂ ਸਾਹਮਣੇ ਆਈ ਹੈ, ਜਦੋਂ ਸਲਮਾਨ ਖ਼ਾਨ ਦੀ ਆਉਣ ਵਾਲੀ ਫ਼ਿਲਮ ‘ਮਾਤ੍ਰਭੂਮੀ: ਮੇ ਵਾਰ ਰੈਸਟ ਇਨ ਪੀਸ’ ਦਾ ਗੀਤ ‘ਤੇਰੀ ਸੈਕਸੀ ਬਿਊਟੀ’ ਰਿਲੀਜ਼ ਹੋਇਆ ਹੈ। ਇਸ ਫ਼ਿਲਮ ਵਿੱਚ ਸਲਮਾਨ ਖ਼ਾਨ ਦੇ ਨਾਲ ਅਦਾਕਾਰਾ ਚਿਤਰਾਂਗਦਾ ਸਿੰਘ ਵੀ ਨਜ਼ਰ ਆਵੇਗੀ।






