ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਇੱਕ ਪੰਜ ਮੰਜ਼ਿਲਾ ਅਪਾਰਟਮੈਂਟ ਵਿੱਚ ਭਿਆਨਕ ਅੱਗ ਲੱਗਣ ਕਾਰਨ ਹਫ਼ੜਾ-ਦਫ਼ੜੀ ਮਚ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਪੂਰੀ ਇਮਾਰਤ ਧੂੰਏਂ ਨਾਲ ਭਰ ਗਈ ਅਤੇ ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਬਾਲਕੋਨੀਆਂ ਤੋਂ ਛਾਲਾਂ ਮਾਰਨੀਆਂ ਪਈਆਂ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ 8 ਤੋਂ 10 ਲੋਕ ਝੁਲਸ ਕੇ ਜ਼ਖ਼ਮੀ ਹੋ ਗਏ।
ਜਾਣਕਾਰੀ ਮੁਤਾਬਕ ਇਹ ਘਟਨਾ ਰਾਮਨਾਰਾਇਣ ਬਾਜ਼ਾਰ ਸਥਿਤ ਰਾਧਿਕਾ ਅਪਾਰਟਮੈਂਟ ਵਿੱਚ ਵਾਪਰੀ। ਸਵੇਰੇ ਕਰੀਬ ਸਾਢੇ ਚਾਰ ਵਜੇ ਇਮਾਰਤ ਦੀ ਹੇਠਲੀ ਮੰਜ਼ਿਲ ‘ਤੇ ਬਣੀ ਪਾਰਕਿੰਗ ਵਿੱਚ ਖੜ੍ਹੇ ਦੋਪਹੀਆ ਵਾਹਨਾਂ ਨੂੰ ਅੱਗ ਲੱਗ ਗਈ। ਕੁਝ ਹੀ ਸਮੇਂ ਵਿੱਚ ਅੱਗ ਅਤੇ ਧੂੰਏਂ ਨੇ ਪੂਰੀ ਇਮਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਇਸ ਹਾਦਸੇ ਵਿੱਚ 15 ਸਾਲਾ ਪ੍ਰਾਂਜੁਲ ਬਾਥਮ ਅਤੇ 48 ਸਾਲਾ ਰਾਖੀ ਸਾਹੂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪ੍ਰਾਂਜੁਲ ਦੀ ਅੱਗ ਵਿੱਚ ਝੁਲਸਣ ਕਾਰਨ ਜਾਨ ਚਲੀ ਗਈ, ਜਦਕਿ ਰਾਖੀ ਨੇ ਜਾਨ ਬਚਾਉਣ ਲਈ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਇਸ ਦੌਰਾਨ ਉਹ ਹੇਠਾਂ ਖੜ੍ਹੇ ਵੈਭਵ ਗੁਪਤਾ ਉੱਤੇ ਡਿੱਗ ਪਈ। ਹਾਦਸੇ ਵਿੱਚ ਰਾਖੀ ਦੀ ਮੌਤ ਹੋ ਗਈ, ਜਦਕਿ ਵੈਭਵ ਗੰਭੀਰ ਜ਼ਖ਼ਮੀ ਹੋ ਗਿਆ। ਪ੍ਰਾਂਜੁਲ ਦੀ ਮਾਂ ਨੀਤਾ ਵੀ ਕਰੀਬ 40 ਫ਼ੀਸਦੀ ਝੁਲਸ ਗਈ ਹੈ।
ਅੱਗ ਤੋਂ ਬਚਣ ਲਈ ਕਰੀਬ 10 ਲੋਕਾਂ ਨੇ ਬਾਲਕੋਨੀ ਤੋਂ ਛਾਲਾਂ ਮਾਰੀਆਂ, ਜਦਕਿ ਕਈ ਲੋਕਾਂ ਨੇ ਸਾੜ੍ਹੀਆਂ ਅਤੇ ਚਾਦਰਾਂ ਦੀ ਮਦਦ ਨਾਲ ਨਾਲ ਲੱਗਦੀ ਇਮਾਰਤ ਤੱਕ ਪਹੁੰਚ ਕੇ ਆਪਣੀ ਜਾਨ ਬਚਾਈ। ਫਾਇਰ ਬ੍ਰਿਗੇਡ ਦੀ ਟੀਮ ਨੇ ਵੀ ਕਾਰਵਾਈ ਕਰਦਿਆਂ 8 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ।
ਦੱਸਿਆ ਜਾ ਰਿਹਾ ਹੈ ਕਿ ਇਸ ਅਪਾਰਟਮੈਂਟ ਦੇ 12 ਫਲੈਟਾਂ ਵਿੱਚ ਕਰੀਬ 50 ਤੋਂ 60 ਲੋਕ ਰਹਿੰਦੇ ਹਨ। ਇਮਾਰਤ ਦੀ ਗਲੀ ਤੰਗ ਹੋਣ ਅਤੇ ਬਾਹਰ ਨਿਕਲਣ ਲਈ ਸਿਰਫ਼ ਇੱਕ ਪੌੜੀ ਹੋਣ ਕਾਰਨ ਬਚਾਅ ਕਾਰਜਾਂ ਵਿੱਚ ਕਾਫ਼ੀ ਮੁਸ਼ਕਲ ਆਈ।
ਮੁੱਢਲੀ ਜਾਂਚ ਦੌਰਾਨ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਫਿਲਹਾਲ ਪੁਲਿਸ ਅਤੇ ਸਬੰਧਤ ਵਿਭਾਗਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।






