HomeWorld Newsਅਮਰੀਕਾ ਦਾ ਏਅਰ ਟ੍ਰੈਫਿਕ ਕੰਟਰੋਲ ਸਿਸਟਮ ਹੋਇਆ ਫੇਲ੍ਹ! ਹਜ਼ਾਰਾਂ ਉਡਾਣਾਂ ਰੱਦ

ਅਮਰੀਕਾ ਦਾ ਏਅਰ ਟ੍ਰੈਫਿਕ ਕੰਟਰੋਲ ਸਿਸਟਮ ਹੋਇਆ ਫੇਲ੍ਹ! ਹਜ਼ਾਰਾਂ ਉਡਾਣਾਂ ਰੱਦ

ਵਾਸ਼ਿੰਗਟਨ: ਅਮਰੀਕਾ ਵਿੱਚ ਏਅਰ ਟ੍ਰੈਫਿਕ ਕੰਟਰੋਲ (ATC) ਸਿਸਟਮ ਵਿੱਚ ਆਈ ਤਕਨੀਕੀ ਖਰਾਬੀ ਕਾਰਨ ਪੈਦਾ ਹੋਇਆ ਹਵਾਈ ਸੰਕਟ ਤੀਜੇ ਦਿਨ ਵੀ ਜਾਰੀ ਰਿਹਾ। ਦੇਸ਼ ਭਰ ਵਿੱਚ 10 ਹਜ਼ਾਰ ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਣ ਕਾਰਨ ਹਵਾਈ ਅੱਡਿਆਂ ‘ਤੇ ਹਾਹਾਕਾਰ ਮਚ ਗਈ। ਵੱਡੀ ਗਿਣਤੀ ਵਿੱਚ ਯਾਤਰੀਆਂ ਨੂੰ ਆਪਣੀਆਂ ਉਡਾਣਾਂ ਰੱਦ ਹੋਣ ਅਤੇ ਲੰਬੀ ਦੇਰੀ ਦਾ ਸਾਹਮਣਾ ਕਰਨਾ ਪਿਆ।

ਫਲਾਈਟ ਟ੍ਰੈਕਿੰਗ ਕੰਪਨੀ ‘ਫਲਾਈਟਅਵੇਅਰ’ ਦੇ ਅੰਕੜਿਆਂ ਮੁਤਾਬਕ ਬੀਤੇ ਦਿਨ ਅਮਰੀਕਾ ਵਿੱਚ 2,300 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਜਦਕਿ ਲਗਭਗ 7,700 ਉਡਾਣਾਂ ਦੇਰੀ ਨਾਲ ਚੱਲੀਆਂ।

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਵੀ ਹਾਲਾਤ ਕਾਫ਼ੀ ਖ਼ਰਾਬ ਰਹੇ ਸਨ। ਉਸ ਦਿਨ 6,400 ਤੋਂ ਵੱਧ ਉਡਾਣਾਂ ਰੱਦ ਹੋਈਆਂ ਅਤੇ 8,000 ਤੋਂ ਵੱਧ ਉਡਾਣਾਂ ਦੇਰੀ ਨਾਲ ਰਵਾਨਾ ਹੋਈਆਂ। ਲਗਾਤਾਰ ਤੀਜੇ ਦਿਨ ਹਵਾਈ ਸੇਵਾਵਾਂ ਪ੍ਰਭਾਵਿਤ ਹੋਣ ਕਾਰਨ ਯਾਤਰੀਆਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ।

ਇਸ ਸੰਕਟ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਹੋਈ ਸੀ, ਜਦੋਂ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਦੇ ਏਅਰ ਟ੍ਰੈਫਿਕ ਕੰਟਰੋਲ ਸਿਸਟਮ ਵਿੱਚ ਪੁਰਾਣੇ ਹਾਰਡਵੇਅਰ ਅਤੇ ਰਾਊਟਰ ਦੀ ਖਰਾਬੀ ਸਾਹਮਣੇ ਆਈ। ਇਸ ਕਾਰਨ ਦੇਸ਼ ਭਰ ਵਿੱਚ ਗਰਾਊਂਡ ਸਟਾਪ ਲਗਾਉਣਾ ਪਿਆ।

ਤਕਨੀਕੀ ਸਮੱਸਿਆ ਕਾਰਨ ਕਰੀਬ ਪੰਜ ਘੰਟਿਆਂ ਤੱਕ ਅਮਰੀਕਾ ਦੀਆਂ ਲਗਭਗ ਸਾਰੀਆਂ ਉਡਾਣਾਂ ਠੱਪ ਰਹੀਆਂ। ਇਸ ਘਟਨਾ ਨੂੰ 11 ਸਤੰਬਰ 2001 ਦੇ ਅੱਤਵਾਦੀ ਹਮਲਿਆਂ ਤੋਂ ਬਾਅਦ ਹਵਾਈ ਆਵਾਜਾਈ ਵਿੱਚ ਆਏ ਸਭ ਤੋਂ ਵੱਡੇ ਵਿਘਨਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।

ਐਤਵਾਰ ਨੂੰ ਜੈੱਟਬਲੂ ਏਅਰਲਾਈਨਜ਼ ਨੂੰ ਸਭ ਤੋਂ ਵੱਧ ਨੁਕਸਾਨ ਝੱਲਣਾ ਪਿਆ। ਕੰਪਨੀ ਦੀਆਂ ਲਗਭਗ 28 ਫ਼ੀਸਦੀ ਉਡਾਣਾਂ ਰੱਦ ਹੋ ਗਈਆਂ। ਇਸੇ ਤਰ੍ਹਾਂ ਅਮੈਰੀਕਨ ਏਅਰਲਾਈਨਜ਼ ਦੀਆਂ 17 ਫ਼ੀਸਦੀ ਉਡਾਣਾਂ ਰੱਦ ਰਹੀਆਂ।

ਯੂਨਾਈਟਿਡ ਏਅਰਲਾਈਨਜ਼, ਸਾਊਥਵੈਸਟ ਅਤੇ ਡੇਲਟਾ ਏਅਰਲਾਈਨਜ਼ ਦੀਆਂ ਵੀ ਲਗਭਗ 3 ਤੋਂ 5 ਫ਼ੀਸਦੀ ਉਡਾਣਾਂ ਰੱਦ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਅਮਰੀਕਾ ਦੇ ਟਰਾਂਸਪੋਰਟ ਸਕੱਤਰ ਸ਼ਾਨ ਡਫੀ ਨੇ ਇਸ ਘਟਨਾ ਪਿੱਛੇ ਕਿਸੇ ਸਾਈਬਰ ਹਮਲੇ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਉਮੀਦ ਜਤਾਈ ਕਿ ਸੋਮਵਾਰ ਤੱਕ ਹਵਾਈ ਸੇਵਾਵਾਂ ਮੁੜ ਆਮ ਵਾਂਗ ਹੋ ਸਕਦੀਆਂ ਹਨ।

ਦੂਜੇ ਪਾਸੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਇਸ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅਮਰੀਕਾ ਦਾ ਏਅਰ ਟ੍ਰੈਫਿਕ ਕੰਟਰੋਲ ਸਿਸਟਮ ਲਗਭਗ 50 ਸਾਲ ਪੁਰਾਣਾ ਹੈ ਅਤੇ ਇਸ ਨੂੰ ਆਧੁਨਿਕ ਬਣਾਉਣ ਦੀ ਤੁਰੰਤ ਲੋੜ ਹੈ।

ਉਨ੍ਹਾਂ ਅਮਰੀਕੀ ਕਾਂਗਰਸ ਨੂੰ ਅਪੀਲ ਕੀਤੀ ਹੈ ਕਿ ਹਵਾਈ ਆਵਾਜਾਈ ਪ੍ਰਣਾਲੀ ਨੂੰ ਅਪਗ੍ਰੇਡ ਕਰਨ ਲਈ ਲੋੜੀਂਦੇ ਫੰਡ ਜਲਦ ਮਨਜ਼ੂਰ ਕੀਤੇ ਜਾਣ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਤਕਨੀਕੀ ਸਮੱਸਿਆਵਾਂ ਤੋਂ ਬਚਿਆ ਜਾ ਸਕੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments