ਫ਼ਿਰੋਜ਼ਪੁਰ : ਫ਼ਿਰੋਜ਼ਪੁਰ (Ferozepur) ਦੇ ਪਿੰਡ ਫੇਰੂ ਵਾਲਾ ਵਿੱਚ ਇੱਕ ਨੌਜਵਾਨ ’ਤੇ ਤਲਵਾਰਾਂ ਅਤੇ ਹੋਰ ਤੇਜ਼ਧਾਰ ਹਥਿਆਰਾਂ (sharp weapons) ਨਾਲ ਹਮਲਾ ਕਰਨ ਦੇ ਦੋਸ਼ ਵਿੱਚ ਥਾਣਾ ਮਮਦੋਟ ਦੀ ਪੁਲਿਸ ਨੇ ਕਰੀਬ 44 ਵਿਅਕਤੀਆਂ ਖ਼ਿਲਾਫ਼ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ ਰਾਮਪ੍ਰਕਾਸ਼ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੰਦੀਪ ਸਿੰਘ ਪੁੱਤਰ ਚਰਨਪਾਲ ਸਿੰਘ ਵਾਸੀ ਪਿੰਡ ਫੇਰੂ ਵਾਲਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਹੈ ਕਿ ਉਹ ਆਪਣੇ ਚਾਚੇ ਦੇ ਲੜਕੇ ਬਲਜਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਨਾਲ ਖੇਡਣ ਗਿਆ ਸੀ, ਜਦੋਂ ਉਸ ਦੇ ਦੋਸਤ ਅਭੈ ਰਾਏ ਸਿੰਘ ਨੇ ਉਸ ਨੂੰ ਸਕੂਲ ਦੀ ਗਰਾਊਂਡ ਵਿੱਚ ਆਉਣ ਲਈ ਬੁਲਾਇਆ ਤਾਂ ਉਹ ਸਕੂਲ ਦੀ ਗਰਾਊਂਡ ਵਿੱਚ ਖੇਡਣ ਚਲਾ ਗਿਆ, ਜਿੱਥੇ ਕਰਮਜੀਤ ਸਿੰਘ, ਕੁਲਵਿੰਦਰ ਸਿੰਘ, ਸੰਦੀਪ ਸਿੰਘ ਵਾਸੀ ਪਿੰਡ ਫੇਰੂ ਵਾਲਾ, ਸੁੱਖਾ ਬੱਲੀ, ਰਮਨ ਸਿੰਘ ਅਤੇ ਮਨਜੀਤ ਸਿੰਘ ਵਾਸੀ ਗਜ਼ਨੀ ਵਾਲਾ, ਜਸ਼ਨ ਸਿੰਘ ਪਿੰਡ ਰਾਜਾ ਰਾਏ, ਪਰਮਜੀਤ ਸਿੰਘ ਪਿੰਡ ਖੁੰਦੜ ਹਿਠਾੜ ਅਤੇ ਕਰੀਬ 35/36 ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰ, ਹੱਥਾਂ ਵਿਚ ਤਲਵਾਰਾਂ, ਕੇਪੇ ਅਤੇ ਮੋਟਰਸਾਈਕਲ ਦੇ ਗਰਨੇਡ ਫੜੇ ਹੋਏ ਸਨ, ਜਿਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ‘ਤੇ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਏਐਸਆਈ ਰਾਮ ਪ੍ਰਕਾਸ਼ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।