ਸਿਡਨੀ ‘ਚ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼, 7 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ

0
147

ਸਿਡਨੀ : ਸਿਡਨੀ ਵਿੱਚ ਇੱਕ ਅੰਤਰਰਾਸ਼ਟਰੀ ਨਸ਼ਾ ਤਸਕਰੀ ਰੈਕੇਟ ਦਾ ਭੰਡਾਫੋੜ ਕਰਦਿਆਂ ਪੁਲਿਸ ਨੇ ਸੱਤ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚ ਦੋ ਕੈਨੇਡੀਅਨ ਨਾਗਰਿਕ ਵੀ ਸ਼ਾਮਲ ਹਨ। ਨਿਊ ਸਾਊਥ ਵੇਲਜ਼ ਸਟੇਟ ਪੁਲਿਸ ਅਤੇ ਫੈਡਰਲ ਏਜੰਸੀਆਂ ਦੀ ਸਾਂਝੀ ਮਲਟੀ-ਏਜੰਸੀ ਸਟਰਾਈਕ ਟੀਮ (MAST) ਨੇ ਇਹ ਵੱਡੀ ਕਾਰਵਾਈ ਕੀਤੀ, ਜਿਸ ਦੀ ਜਾਂਚ ਸਤੰਬਰ 2023 ਤੋਂ ਚੱਲ ਰਹੀ ਸੀ।

ਪੁਲਿਸ ਦੇ ਅਨੁਸਾਰ, ਇਸ ਸਿੰਡੀਕੇਟ ਨੇ ਆਸਟ੍ਰੇਲੀਆ ਵਿੱਚ 300 ਕਿਲੋਗ੍ਰਾਮ ਤੋਂ ਵੱਧ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਆਯਾਤ ਕੀਤੇ ਸਨ। ਗਿਰੋਹ ਦਾ ਕਿੰਗਪਿਨ ਇੱਕ 42 ਸਾਲਾ ਵਿਅਕਤੀ ਦੱਸਿਆ ਜਾਂਦਾ ਹੈ, ਜੋ ਦੱਖਣ-ਪੱਛਮੀ ਸਿਡਨੀ ਵਿੱਚ ਇੱਕ ਕਾਰਗੋ ਕੰਪਨੀ ਦੀ ਆੜ ਵਿੱਚ ਗੈਰ-ਕਾਨੂੰਨੀ ਤਸਕਰੀ ਕਰ ਰਿਹਾ ਸੀ। ਇਸ ਮਾਮਲੇ ਵਿੱਚ ਦੋ ਹੋਰ ਮੈਂਬਰਾਂ – 31 ਅਤੇ 43 ਸਾਲਾ ਵਿਅਕਤੀ – ਨੂੰ ਅਗਸਤ 2024 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਇੱਕ ਉਦਯੋਗਿਕ ਕੂਲਰ ਦੇ ਅੰਦਰ 280 ਕਿਲੋਗ੍ਰਾਮ ਤੋਂ ਵੱਧ ਤਰਲ ਮੇਥਾਮਫੇਟਾਮਾਈਨ ਮਿਲਿਆ ਸੀ। ਉਦੋਂ ਤੋਂ ਜਾਂਚ ਤੇਜ਼ ਹੋ ਗਈ ਹੈ।

42 ਸਾਲਾ ਮੁੱਖ ਮੁਲਜ਼ਮ ‘ਤੇ ਸੰਯੁਕਤ ਅਰਬ ਅਮੀਰਾਤ ਤੋਂ ਲਗਭਗ 20 ਮਿਲੀਅਨ ਸਿਗਰਟਾਂ ਦੀਆਂ ਤਿੰਨ ਵੱਖ-ਵੱਖ ਖੇਪਾਂ ਆਯਾਤ ਕਰਨ ਅਤੇ ਪਨਾਮਾ ਤੋਂ ਸੀਮਿੰਟ ਦੇ ਥੈਲਿਆਂ ਵਿੱਚ ਲੁਕਾਏ 50 ਕਿਲੋਗ੍ਰਾਮ ਕੋਕੀਨ ਲਿਆਉਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਹਨ। ਪੁਲਿਸ ਨੇ ਹਾਲ ਹੀ ਵਿੱਚ ਪੱਛਮੀ ਅਤੇ ਦੱਖਣ-ਪੱਛਮੀ ਸਿਡਨੀ ਵਿੱਚ ਛਾਪੇਮਾਰੀ ਦੌਰਾਨ ਦੋ ਕੈਨੇਡੀਅਨ ਨਾਗਰਿਕਾਂ ਸਮੇਤ ਤਿੰਨ ਹੋਰ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇਸੇ ਛਾਪੇਮਾਰੀ ਵਿੱਚ ਤੰਬਾਕੂ ਦੇ 243 ਡੱਬੇ ਵੀ ਜ਼ਬਤ ਕੀਤੇ ਗਏ ਹਨ।

ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ ਪੰਜ ਲੋਕਾਂ ‘ਤੇ ਸਰਹੱਦ-ਨਿਯੰਤਰਿਤ ਨਸ਼ੀਲੇ ਪਦਾਰਥਾਂ ਦੀ ਵਪਾਰਕ ਮਾਤਰਾ ਵਿੱਚ ਤਸਕਰੀ ਕਰਨ ਦਾ ਦੋਸ਼ ਲਗਾਇਆ ਗਿਆ ਹੈ, ਜਿਸ ਦੇ ਦੋਸ਼ੀ ਪਾਏ ਜਾਣ ‘ਤੇ ਉਮਰ ਕੈਦ ਹੋ ਸਕਦੀ ਹੈ। ਇਸ ਦੇ ਨਾਲ ਹੀ, 31 ਅਤੇ 36 ਸਾਲ ਦੀ ਉਮਰ ਦੇ ਦੋ ਹੋਰ ਵਿਅਕਤੀਆਂ ‘ਤੇ ਘੱਟ ਗੰਭੀਰ ਅਪਰਾਧਾਂ ਲਈ ਮੁਕੱਦਮਾ ਚਲਾਇਆ ਜਾਵੇਗਾ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕਾਰਵਾਈ ਨੇ ਆਸਟ੍ਰੇਲੀਆ ਵਿੱਚ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਨੂੰ ਵੱਡਾ ਝਟਕਾ ਦਿੱਤਾ ਹੈ। MAST ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਸਿੰਡੀਕੇਟ ਨਾਲ ਜੁੜੇ ਹੋਰ ਸੰਭਾਵਿਤ ਸਾਥੀਆਂ ਦੀ ਭਾਲ ਜਾਰੀ ਹੈ।

LEAVE A REPLY

Please enter your comment!
Please enter your name here