ਨਵੀਂ ਦਿੱਲੀ: ਲੋਕ ਸਭਾ ਚੋਣਾਂ 2024 (Lok Sabha elections 2024) ਲਈ ਸਿਆਸੀ ਪਾਰਟੀਆਂ ਨੇ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇੱਕ ਪਾਸੇ ਕਾਂਗਰਸ ਭਾਰਤ ਜੋੜੋ ਨਿਆ ਯਾਤਰਾ ਕੱਢਣ ਜਾ ਰਹੀ ਹੈ, ਦੂਜੇ ਪਾਸੇ ਭਾਜਪਾ ਹਾਈਕਮਾਂਡ ਨੇ ਵੀ ਚੋਣਾਂ ਲਈ ਰਣਨੀਤੀ ਬਣਾ ਲਈ ਹੈ। ਭਾਜਪਾ ‘ਇਸ ਵਾਰ 400 ਦਾ ਅੰਕੜਾ ਪਾਰ, ਤੀਜੀ ਵਾਰ ਮੋਦੀ ਸਰਕਾਰ’ ਦੇ ਨਾਅਰੇ ਨਾਲ ਲੋਕ ਸਭਾ ਚੋਣਾਂ ਲੜਨ ਜਾ ਰਹੀ ਹੈ। ਚੋਣ ਕਮਿਸ਼ਨ (Election Commission) ਜਲਦੀ ਹੀ ਲੋਕ ਸਭਾ ਦੀਆਂ ਤਰੀਕਾਂ ਦਾ ਐਲਾਨ ਵੀ ਕਰ ਸਕਦਾ ਹੈ।
ਦਰਅਸਲ, ਚੋਣ ਕਮਿਸ਼ਨ (ਈਸੀ) ਅਗਲੇ ਹਫ਼ਤੇ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਦੌਰੇ ਨਾਲ ਲੋਕ ਸਭਾ ਚੋਣਾਂ ਲਈ ਰਾਜਾਂ ਦੀਆਂ ਤਿਆਰੀਆਂ ਦੀ ਸਮੀਖਿਆ ਸ਼ੁਰੂ ਕਰੇਗਾ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੀ ਅਗਵਾਈ ਵਿੱਚ ਕਮਿਸ਼ਨ ਦੇ ਅਧਿਕਾਰੀ 7 ਤੋਂ 10 ਜਨਵਰੀ ਦਰਮਿਆਨ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਵਿੱਚ ਹੋਣਗੇ।
ਜ਼ਮੀਨੀ ਸਥਿਤੀ ਦਾ ਜਾਇਜ਼ਾ ਲਵੇਗੀ ਟੀਮ
ਮੁੱਖ ਚੋਣ ਕਮਿਸ਼ਨਰ ਦੇ ਨਾਲ-ਨਾਲ ਚੋਣ ਕਮਿਸ਼ਨਰ – ਅਨੂਪ ਚੰਦਰ ਪਾਂਡੇ ਅਤੇ ਅਰੁਣ ਗੋਇਲ ਵੀ ਹੋਣਗੇ। ਦੌਰੇ ਤੋਂ ਪਹਿਲਾਂ ਡਿਪਟੀ ਚੋਣ ਕਮਿਸ਼ਨਰ 6 ਜਨਵਰੀ ਨੂੰ ਦੋਵਾਂ ਰਾਜਾਂ ਵਿੱਚ ਤਿਆਰੀਆਂ ਬਾਰੇ ਕਮਿਸ਼ਨ ਨੂੰ ਜਾਣਕਾਰੀ ਦੇਣਗੇ। ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ‘ਤੇ ਨਜ਼ਰ ਰੱਖਣ ਲਈ ਡਿਪਟੀ ਚੋਣ ਕਮਿਸ਼ਨਰ ਲਗਭਗ ਸਾਰੇ ਰਾਜਾਂ ਦਾ ਦੌਰਾ ਕਰ ਚੁੱਕੇ ਹਨ। ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਜਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਜਾਂ ਦਾ ਦੌਰਾ ਕਰਕੇ ਸਿਆਸੀ ਪਾਰਟੀਆਂ, ਸੀਨੀਅਰ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਇਸ ਦੀ ਜ਼ਮੀਨੀ ਚੋਣ ਮਸ਼ੀਨਰੀ ਨੂੰ ਮਿਲਣਾ ਆਮ ਗੱਲ ਹੈ।