ਉਤਰਾਖੰਡ : ਉਤਰਾਖੰਡ ਸਰਕਾਰ ਨੇ ਇਕ ਵੱਡਾ ਫ਼ੈੈਸਲਾ ਲਿਆ ਹੈ। ਹੁਣ ਰਾਜ ਦੇ ਮਦਰੱਸਿਆਂ ਦੇ ਵਿਦਿਆਰਥੀਆਂ ਨੂੰ ਭਾਰਤੀ ਫੌਜ ਦੀ ਬਹਾਦਰੀ ਅਤੇ ਦੇਸ਼ ਭਗਤੀ ਦੀਆਂ ਕਹਾਣੀਆਂ ਸਿਖਾਈਆਂ ਜਾਣਗੀਆਂ। ਇਸ ਤਹਿਤ ‘ਆਪ੍ਰੇਸ਼ਨ ਸਿੰਦੂਰ’ ਨੂੰ ਨਵੇਂ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਇਹ ਆਪ੍ਰੇਸ਼ਨ ਅੱਤਵਾਦ ਵਿਰੁੱਧ ਭਾਰਤ ਦੀ ਇਕ ਵੱਡੀ ਅਤੇ ਦਲੇਰ ਫੌਜੀ ਕਾਰਵਾਈ ਸੀ।
ਕੀ ਹੈ ‘ਆਪ੍ਰੇਸ਼ਨ ਸਿੰਦੂਰ’ ?
6 ਅਤੇ 7 ਮਈ ਦੀ ਰਾਤ ਨੂੰ ਭਾਰਤ ਨੇ ‘ਆਪ੍ਰੇਸ਼ਨ ਸਿੰਦੂਰ’ ਚਲਾਇਆ ਸੀ। ਇਸ ਦੌਰਾਨ, ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਵਿੱਚ 9 ਅੱਤਵਾਦੀ ਠਿਕਾਣਿਆਂ ‘ਤੇ ਹਵਾਈ ਹਮਲੇ ਕੀਤੇ। ਜੈਸ਼-ਏ-ਮੁਹੰਮਦ, ਲਸ਼ਕਰ-ਏ-ਤਾਇਬਾ ਅਤੇ ਹਿਜ਼ਬੁਲ ਮੁਜਾਹਿਦੀਨ ਵਰਗੇ ਖਤਰਨਾਕ ਅੱਤਵਾਦੀ ਸੰਗਠਨ ਇਨ੍ਹਾਂ ਠਿਕਾਣਿਆਂ ‘ਤੇ ਕੰਮ ਕਰ ਰਹੇ ਸਨ। ਇਸ ਕਾਰਵਾਈ ਵਿੱਚ 100 ਤੋਂ ਵੱਧ ਅੱਤਵਾਦੀ ਮਾਰੇ ਗਏ, ਜੋ ਭਾਰਤ ‘ਤੇ ਹਮਲੇ ਦੀ ਸਾਜ਼ਿਸ਼ ਰਚ ਰਹੇ ਸਨ।
ਇਸ ਆਪ੍ਰੇਸ਼ਨ ਦੀਆਂ ਖਾਸ ਵਿਸ਼ੇਸ਼ਤਾਵਾਂ
ਭਾਰਤੀ ਫੌਜ ਨੇ ਸਿਰਫ਼ ਅੱਤਵਾਦੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ, ਕਿਸੇ ਵੀ ਨਾਗਰਿਕ ਜਾਂ ਪਾਕਿਸਤਾਨੀ ਫੌਜ ਨੂੰ ਨੁਕਸਾਨ ਨਹੀਂ ਪਹੁੰਚਾਇਆ। ਇਹ ਆਪ੍ਰੇਸ਼ਨ ਭਾਰਤੀ ਖੁਫੀਆ ਏਜੰਸੀਆਂ ਤੋਂ ਸਹੀ ਜਾਣਕਾਰੀ ਦੇ ਆਧਾਰ ‘ਤੇ ਕੀਤਾ ਗਿਆ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤ ਹੁਣ ਅੱਤਵਾਦ ਵਿਰੁੱਧ ਬਹੁਤ ਸਖ਼ਤ ਨੀਤੀ ਅਪਣਾ ਰਿਹਾ ਹੈ।
ਹੁਣ ਮਦਰੱਸਿਆਂ ਵਿੱਚ ਕੀ ਪੜ੍ਹਾਇਆ ਜਾਵੇਗਾ?
ਸਰਕਾਰ ਨੇ ਫ਼ੈੈਸਲਾ ਕੀਤਾ ਹੈ ਕਿ ਉਤਰਾਖੰਡ ਦੇ 451 ਰਜਿਸਟਰਡ ਮਦਰੱਸਿਆਂ ਵਿੱਚ ਪੜ੍ਹ ਰਹੇ 50,000 ਤੋਂ ਵੱਧ ਵਿ ਦਿਆਰਥੀ ਹੁਣ ‘ਆਪ੍ਰੇਸ਼ਨ ਸਿੰਦੂਰ’ ਨਾਲ ਸਬੰਧਤ ਜਾਣਕਾਰੀ ਦਾ ਅਧਿਐਨ ਕਰਨਗੇ। ਇਸ ਆਪ੍ਰੇਸ਼ਨ ਰਾਹੀਂ ਪਾਠਕ੍ਰਮ ਵਿੱਚ ਦੇਸ਼ ਭਗਤੀ, ਫੌਜੀ ਬਹਾਦਰੀ ਅਤੇ ਰਾਸ਼ਟਰੀ ਸੁਰੱਖਿਆ ਦੀ ਮਹੱਤਤਾ ਨੂੰ ਸਮਝਾਇਆ ਜਾਵੇਗਾ।
ਰਾਜ ਵਿੱਚ ਕਿੰਨੇ ਮਦਰੱਸੇ ਹਨ?
451 ਮਦਰੱਸੇ ਸਰਕਾਰੀ ਮਦਰੱਸਾ ਬੋਰਡ ਨਾਲ ਰਜਿਸਟਰਡ ਹਨ। ਪਰ ਲਗਭਗ 500 ਮਦਰੱਸੇ ਬਿਨਾਂ ਰਜਿਸਟ੍ਰੇਸ਼ਨ ਦੇ ਵੀ ਚੱਲ ਰਹੇ ਹਨ। ਸਰਕਾਰ ਦੇ ਇਸ ਕਦਮ ਨੂੰ ਰਾਸ਼ਟਰਵਾਦ ਨੂੰ ਸਿੱਖਿਆ ਨਾਲ ਜੋੜਨ ਅਤੇ ਮੁਸਲਿਮ ਵਿਦਿਆਰਥੀਆਂ ਨੂੰ ਭਾਰਤ ਦੀ ਫੌਜੀ ਸ਼ਾਨ ਨਾਲ ਜਾਣੂ ਕਰਵਾਉਣ ਵੱਲ ਇਕ ਨਵਾਂ ਯਤਨ ਮੰਨਿਆ ਜਾ ਰਿਹਾ ਹੈ।