ਵਾਰਾਣਸੀ : ਭਾਰਤੀ ਕੁਸ਼ਤੀ ਸੰਘ ਨੂੰ ਲੈ ਕੇ ਖੇਡ ਮੰਤਰਾਲੇ ਦੀ ਵੱਡੀ ਕਾਰਵਾਈ ਚਰਚਾ ਵਿੱਚ ਹੈ। ਖੇਡ ਮੰਤਰਾਲੇ ਨੇ ਕੁਸ਼ਤੀ ਸੰਘ ਨੂੰ ਰੱਦ ਕਰ ਦਿੱਤਾ ਹੈ। ਜਿਸ ਕਾਰਨ ਡਬਲਯੂ.ਐਫ.ਆਈ ਦੇ ਨਵੇਂ ਚੁਣੇ ਗਏ ਪ੍ਰਧਾਨ ਸੰਜੇ ਸਿੰਘ ਦੇ ਸਾਰੇ ਫ਼ੈਸਲਿਆਂ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਅਜਿਹੇ ‘ਚ ਸੰਜੇ ਸਿੰਘ ਨੇ ਖੇਡ ਮੰਤਰਾਲੇ ਤੋਂ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਸੰਜੇ ਸਿੰਘ ਵਾਰਾਣਸੀ ਪਹੁੰਚੇ। ਇੱਥੇ ਉਨ੍ਹਾਂ ਨੇ ਖੇਡ ਮੰਤਰਾਲੇ ਦੇ ਫ਼ੈਸਲੇ ‘ਤੇ ਸਰਕਾਰ ‘ਤੇ ਸਵਾਲ ਚੁੱਕਣ ਦੀ ਗੱਲ ਕੀਤੀ ਹੈ।
ਸੰਜੇ ਸਿੰਘ ਨੇ ਕਿਹਾ ਕਿ ਉਹ ਅਜੇ ਵੀ ਪ੍ਰਧਾਨ ਹਨ, ਉਨ੍ਹਾਂ ਦੀਆਂ ਗਤੀਵਿਧੀਆਂ ਮੁਅੱਤਲ ਕੀਤੀਆਂ ਗਈਆਂ ਹਨ ਨਾ ਕਿ ਪ੍ਰਧਾਨ ਦਾ ਅਹੁਦਾ। ਉਨ੍ਹਾਂ ਕਿਹਾ ਕਿ ਕੁਸ਼ਤੀ ਸੰਘ ਨੂੰ ਲੈ ਕੇ ਵਿਵਾਦ ਸਿਰਫ਼ ਇੱਕ ਪਰਿਵਾਰ ਵੱਲੋਂ ਖੜ੍ਹਾ ਕੀਤਾ ਜਾ ਰਿਹਾ ਹੈ ਜਦਕਿ ਹਰਿਆਣਾ ਦੇ ਖਿਡਾਰੀ ਉਨ੍ਹਾਂ ਦੇ ਨਾਲ ਹਨ। ਅਸੀਂ ਖੇਡ ਮੰਤਰਾਲੇ ਦੀਆਂ ਕਾਰਵਾਈਆਂ ‘ਤੇ ਸਰਕਾਰ ਤੋਂ ਸਵਾਲ ਉਠਾਵਾਂਗੇ ਅਤੇ ਫਿਰ ਜੇਕਰ ਲੋੜ ਪਈ ਤਾਂ ਨਿਆਂ ਦਾ ਸਹਾਰਾ ਲਵਾਂਗੇ। ਸੰਜੇ ਸਿੰਘ ਦਾ ਸਵਾਗਤ ਕਰਨ ਵਾਲਿਆਂ ਵਿੱਚ ਵਾਰਾਣਸੀ ਕੁਸ਼ਤੀ ਸੰਘ ਦੇ ਸੀਨੀਅਰ ਮੀਤ ਪ੍ਰਧਾਨ ਰਾਜੀਵ ਸਿੰਘ ਰਾਣੂ, ਰਿਤੇਸ਼ ਰਾਏ, ਅਭਿਸ਼ੇਕ ਗੋਲੂ, ਨਿਿਤਨ ਰਾਏ ਆਦਿ ਹਾਜ਼ਰ ਸਨ।
ਧਿਆਨ ਯੋਗ ਹੈ ਕਿ ਸੰਜੇ ਸਿੰਘ ਨੂੰ ਹਾਲ ਹੀ ਵਿੱਚ ਡਬਲਯੂ.ਐਫ.ਆਈ ਚੋਣਾਂ ਜਿੱਤਣ ਤੋਂ ਬਾਅਦ ਫੈਡਰੇਸ਼ਨ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਸੀ। ਹਾਲਾਂਕਿ ਖੇਡ ਮੰਤਰਾਲੇ ਨੇ ਇਨ੍ਹਾਂ ਚੋਣਾਂ ਨੂੰ ਰੱਦ ਕਰ ਦਿੱਤਾ ਹੈ। ਨਾਲ ਹੀ ਨਵ ਨਿਯੁਕਤ ਪ੍ਰਧਾਨ ਸੰਜੇ ਸਿੰਘ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ। ਇਸ ਚੋਣ ਵਿੱਚ ਬ੍ਰਿਜ ਭੂਸ਼ਣ ਸਿੰਘ ਦੇ ਕਰੀਬੀ ਸੰਜੇ ਸਿੰਘ ਨੂੰ ਡਬਲਯ.ੂਐਫ.ਆਈ ਦਾ ਪ੍ਰਧਾਨ ਚੁਣਿਆ ਗਿਆ। ਕੁਸ਼ਤੀ ਸੰਘ ਦੇ ਇਸ ਫ਼ੈਸਲੇ ਤੋਂ ਬਾਅਦ ਖੇਡ ਮੰਤਰਾਲਾ ਤੁਰੰਤ ਹਰਕਤ ‘ਚ ਆਇਆ ਅਤੇ ਡਬਲਯੂ.ਐੱਫ.ਆਈ ਅਤੇ ਸੰਜੇ ਸਿੰਘ ਨੂੰ ਮੁਅੱਤਲ ਕਰ ਦਿੱਤਾ। ਖੇਡ ਮੰਤਰਾਲੇ ਨੇ ਕਿਹਾ ਕਿ ਕੁਸ਼ਤੀ ਸੰਘ ਦਾ ਇਹ ਫ਼ੈਸਲਾ ਡਬਲਯੂ.ਐੱਫ.ਆਈ ਅਤੇ ਰਾਸ਼ਟਰੀ ਖੇਡ ਵਿਕਾਸ ਸੰਹਿਤਾ ਦੀਆਂ ਵਿਵਸਥਾਵਾਂ ਦੀ ਉਲੰਘਣਾ ਹੈ। ਇਸ ਤੋਂ ਇਲਾਵਾ, ਡਬਲਯੂ.ਐਫ.ਆਈ ਦੇ ਸੰਵਿਧਾਨ ਦੇ ਉਪਬੰਧਾਂ ਦੀ ਵੀ ਪਾਲਣਾ ਨਹੀਂ ਕੀਤੀ ਗਈ ਹੈ।