ਵਾਸ਼ਿੰਗਟਨ : ਅਮਰੀਕਾ ਦੇ ਮਿਸੀਸਿਪੀ ‘ਚ ਬੀਤੇ ਦਿਨ ਇਕ ਮੈਡੀਕਲ ਟਰਾਂਸਪੋਰਟ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ‘ਚ ਇਕ ਪਾਇਲਟ ਅਤੇ ਹਸਪਤਾਲ ਦੇ ਦੋ ਕਰਮਚਾਰੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਯੂਨੀਵਰਸਿਟੀ ਆਫ ਮਿਸੀਸਿਪੀ ਮੈਡੀਕਲ ਸੈਂਟਰ ਦੇ ਇਕ ਬੁਲਾਰੇ ਨੇ ਜਹਾਜ਼ ਵਿਚ ਸਵਾਰ ਸਾਰੇ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਯੂਨੀਵਰਸਿਟੀ ਨੇ ਇਕ ਬਿਆਨ ਵਿਚ ਕਿਹਾ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਮੈਡੀਸਨ ਕਾਊਂਟੀ ਵਿਚ ਏਅਰਕੇਅਰ ਹੈਲੀਕਾਪਟਰ ਵਿਚ ਕਿਸੇ ਵੀ ਮਰੀਜ਼ ਨੂੰ ਨਹੀਂ ਲਿਜਾਇਆ ਜਾ ਰਿਹਾ ਸੀ।
ਤਿੰਨਾਂ ਪੀੜਤਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਪਰ ਅਧਿਕਾਰੀਆਂ ਨੇ ਗੁਪਤਤਾ ਦੇ ਕਾਰਨਾਂ ਕਰਕੇ ਨਾਮ ਜਾਰੀ ਨਹੀਂ ਕੀਤੇ। ਯੂਨੀਵਰਸਿਟੀ ਨੇ ਹਾਦਸੇ ਦਾ ਕੋਈ ਕਾਰਨ ਨਹੀਂ ਦੱਸਿਆ। ਡਬਲਯੂ.ਏ.ਪੀ.ਟੀ ਟੈਲੀਵਿਜ਼ਨ ਸਟੇਸ਼ਨ ਨੇ ਦੱਸਿਆ ਕਿ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਹਾਦਸੇ ਵਾਲੀ ਥਾਂ ‘ਤੇ ਭੇਜਿਆ ਗਿਆ ਹੈ। ਮਿਸੀਸਿਪੀ ਦੇ ਗਵਰਨਰ ਟੇਟ ਰੀਵਜ਼ ਨੇ ਇਕ ਫੇਸਬੁੱਕ ਪੋਸਟ ਵਿਚ ਕਿਹਾ ਕਿ ਇਹ ਦੁਖਦਾਈ ਘਟਨਾ ਮਿਸੀਸਿਪੀ ਦੇ ਮੈਡੀਕਲ ਕਰਮਚਾਰੀਆਂ ਦੇ ਹਸਪਤਾਲ ਜਾਣ ਦੇ ਖਤਰੇ ਦੀ ਯਾਦ ਦਿਵਾਉਂਦੀ ਹੈ। ਸਾਡਾ ਰਾਜ ਇਨ੍ਹਾਂ ਨਾਇਕਾਂ ਦੀ ਕੁਰਬਾਨੀ ਨੂੰ ਕਦੇ ਨਹੀਂ ਭੁੱਲੇਗਾ।