ਖਨੌਰੀ ਬਾਰਡਰ : ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ (Kisan Leader Jagjit Singh Dallewal) ਦਾ ਮਰਨ ਵਰਤ ਖਨੌਰੀ ਬਾਰਡਰ ਕਿਸਾਨ ਮੋਰਚਾ (The Khanuri Border Kisan Morcha) ‘ਤੇ ਅੱਜ 73 ਵੇਂ ਦਿਨ ਜਾਰੀ ਰਿਹਾ । ਅੱਜ ਹਰਿਆਣਾ ਤੋਂ ਕਿਸਾਨਾਂ ਦਾ ਦੂਜਾ ਜੱਥਾ ਆਪਣੇ ਖੇਤਾਂ ਤੋਂ ਜਲ ਲੈ ਕੇ ਖਨੌਰੀ ਬਾਰਡਰ ਕਿਸਾਨ ਮੋਰਚਾ ‘ਤੇ ਪਹੁੰਚਿਆ । ਅੱਜ ਬਿੰਝੋਲ, ਤਾਹਰਪੁਰ, ਕਾਕਰੋਦ, ਤਿੱਤਰਾਮ, ਕੁਰਾੜ, ਉਮਰਾ, ਦੀਪਪਾਲ, ਖਰੜ ਅਲੀਪੁਰ, ਢੰਢੇੜੀ, ਖੋਖਾ, ਗੁਹਾਣਾ, ਸੋਂਗੜੀ, ਫੂਲਣ, ਰਤੀਆ, ਢਾਣੀ ਬਦਨਾਪੁਰ, ਢਾਣੀ ਦਾਦੂਪੁਰ ਸਮੇਤ 50 ਤੋਂ ਵੱਧ ਪਿੰਡਾਂ ਦੇ ਕਿਸਾਨ ਪਾਣੀ ਲੈ ਕੇ ਕਿਸਾਨ ਮੋਰਚੇ ‘ਤੇ ਪਹੁੰਚੇ।
ਅੱਜ ਦੋ ਪਿੰਡਾਂ ਦੇ ਨੌਜਵਾਨ ਵੀ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਕਿਸਾਨ ਮੋਰਚੇ ‘ਤੇ ਪਹੁੰਚੇ। ਅੱਜ ਡੱਲੇਵਾਲ ਨੇ ਆਪਣਾ ਵੀਡੀਓ ਸੰਦੇਸ਼ ਜਾਰੀ ਕਰਕੇ ਸਾਰੇ ਕਿਸਾਨਾਂ ਨੂੰ 11 ਫਰਵਰੀ ਨੂੰ ਰਤਨਾਪੁਰਾ ਮੋਰਚੇ ‘ਤੇ, 12 ਫਰਵਰੀ ਨੂੰ ਦਾਤਾਸਿੰਘਵਾਲਾ-ਖਨੌਰੀ ਮੋਰਚੇ ‘ਤੇ ਅਤੇ 13 ਫਰਵਰੀ ਨੂੰ ਸ਼ੰਭੂ ਮੋਰਚੇ ‘ਤੇ ਆਯੋਜਿਤ ਮਹਾਪੰਚਾਇਤਾਂ ਵਿੱਚ ਪਹੁੰਚਣ ਦਾ ਸੱਦਾ ਦਿੱਤਾ। ਕਿਸਾਨ ਆਗੂਆਂ ਨੇ ਕਿਹਾ ਕਿ 8 ਅਤੇ 10 ਫਰਵਰੀ ਨੂੰ ਹਰਿਆਣਾ ਤੋਂ ਕਿਸਾਨਾਂ ਦਾ ਅਗਲਾ ਜਥਾ ਆਵੇਗਾ ਅਤੇ 12 ਫਰਵਰੀ ਨੂੰ ਕਿਸਾਨ ਅੰਦੋਲਨ ਦਾ ਇਕ ਸਾਲ ਪੂਰਾ ਹੋਣ ‘ਤੇ ਦਾਤਾਸਿੰਘਵਾਲਾ-ਖਨੌਰੀ ਕਿਸਾਨ ਮੋਰਚੇ ‘ਤੇ ਆਯੋਜਿਤ ਮਹਾਪੰਚਾਇਤ ਨੇ ਕਿਸਾਨਾਂ ਨੂੰ ਵੱਧ ਤੋਂ ਵੱਧ ਗਿਣਤੀ ‘ਚ ਪਹੁੰਚਣ ਦੀ ਅਪੀਲ ਕੀਤੀ।










