ਲੁਧਿਆਣਾ : ਪੰਜਾਬ ਦੇ ਡਰਾਈਵਰਾਂ ਲਈ ਖੁਸ਼ਖਬਰੀ ਹੈ। ਦਰਅਸਲ, ਟ੍ਰੈਫਿਕ ਚਲਾਨਾਂ ਨੂੰ ਲੈ ਕੇ ਪੰਜਾਬ ਦੇ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਨੂੰ ਨਵੇਂ ਆਦੇਸ਼ ਜਾਰੀ ਕੀਤੇ ਗਏ ਹਨ, ਜਿਸ ਵਿੱਚ ਡਿਜੀਲਾਕਰ ਅਤੇ ਐਮਪਰਿਵਾਹਨ ਐਪ ਵਿੱਚ ਰੱਖੇ ਵਾਹਨ ਦੇ ਦਸਤਾਵੇਜ਼ਾਂ ਨੂੰ ਜਾਇਜ਼ ਮੰਨਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਅਜਿਹਾ ਨਾ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਿਭਾਗੀ ਜਾਂਚ ਦੀ ਚੇਤਾਵਨੀ ਵੀ ਦਿੱਤੀ ਗਈ ਹੈ।
ਪੁਲਿਸ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਨੂੰ ਜਾਰੀ ਕੀਤੇ ਗਏ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਬਹੁਤ ਸਾਰੇ ਵਾਹਨ ਚਾਲਕ ਟ੍ਰੈਫਿਕ ਅਧਿਕਾਰੀਆਂ ਦੁਆਰਾ ਚੈਕਿੰਗ ਦੌਰਾਨ ਡਿਜੀਲਾਕਰ ਅਤੇ ਐਮਪਰਿਵਾਹਨ ਐਪ ਰਾਹੀਂ ਆਪਣੇ ਦੋ ਪਹੀਆ ਵਾਹਨਾਂ, ਚਾਰ ਪਹੀਆ ਵਾਹਨਾਂ ਅਤੇ ਵਪਾਰਕ ਵਾਹਨਾਂ ਦੇ ਦਸਤਾਵੇਜ਼ ਪੇਸ਼ ਕਰਦੇ ਹਨ, ਪਰ ਬਹੁਤ ਸਾਰੇ ਅਧਿਕਾਰੀ ਇਨ੍ਹਾਂ ਦਸਤਾਵੇਜ਼ਾਂ ਨੂੰ ਜਾਇਜ਼ ਨਹੀਂ ਮੰਨਦੇ। ਆਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਇਸ ਨੂੰ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਹੈ। ਇਸ ਲਈ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਅਧੀਨ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਿਰਦੇਸ਼ ਦੇਣ ਕਿ ਜੇ ਕੋਈ ਵਿਅਕਤੀ ਡਿਜੀਲਾਕਰ ਅਤੇ ਐਮਪਰਿਵਾਹਨ ਐਪ ਵਿੱਚ ਆਪਣੇ ਦਸਤਾਵੇਜ਼ ਦਿਖਾਉਂਦਾ ਹੈ ਤਾਂ ਉਸ ਨੂੰ ਜਾਇਜ਼ ਮੰਨਿਆ ਜਾਵੇ।
ਚਿੱਠੀ ਦੇ ਅਖੀਰ ‘ਚ ਇਹ ਵੀ ਲਿਖਿਆ ਹੈ ਕਿ ਜੇਕਰ ਫਿਰ ਵੀ ਕੋਈ ਵਿਅਕਤੀ ਇਸ ਸਬੰਧੀ ਸ਼ਿਕਾਇਤ ਕਰਦਾ ਹੈ ਤਾਂ ਉਸ ਅਧਿਕਾਰੀ ਜਾਂ ਕਰਮਚਾਰੀ ਖ਼ਿਲਾਫ਼ ਵਿਭਾਗੀ ਜਾਂਚ ਤੋਂ ਬਚਿਆ ਨਹੀਂ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਡਿਜੀਲਾਕਰ ਅਤੇ ਐਮਪਰਿਵਾਹਨ ਵਿੱਚ ਰੱਖੇ ਦਸਤਾਵੇਜ਼ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਹਨ। ਇਨ੍ਹਾਂ ਐਪਸ ‘ਚ ਯੂਜ਼ਰ ਕਿਸੇ ਦਸਤਾਵੇਜ਼ ਦੀ ਫੋਟੋ ਲੈ ਕੇ ਨਹੀਂ ਰੱਖ ਸਕਦਾ ਪਰ ਦਸਤਾਵੇਜ਼ਾਂ ਨੂੰ ਸੇਵ ਕਰਕੇ ਸਰਕਾਰੀ ਰਿਕਾਰਡ ਦੇ ਹਿਸਾਬ ਨਾਲ ਰੱਖਿਆ ਜਾ ਸਕਦਾ ਹੈ।