ਤਰਨਤਾਰਨ ‘ਚ ਪੁਲਿਸ ਤੇ 2 ਗੈਂਗਸਟਰਾਂ ਵਿਚਾਲੇ ਹੋਇਆ ਮੁਕਾਬਲਾ, ਗੈਂਗਸਟਰਾਂ ਨੂੰ ਲੱਗੀ ਗੋਲੀ

0
103

ਤਰਨਤਾਰਨ : ਤਰਨਤਾਰਨ (Tarn Taran) ‘ਚ ਦੇਰ ਰਾਤ ਪੁਲਿਸ ਅਤੇ 2 ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਤਰਨਤਾਰਨ ਅਧੀਨ ਪੈਂਦੇ ਥਾਣਾ ਵਲਟੋਹਾ ਦੀ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਆਸਲ ਡਰੇਨ ਵਿਖੇ ਮੌਜੂਦ ਸੀ। ਇਸੇ ਦੌਰਾਨ ਪੁਲਿਸ ਪਾਰਟੀ ਵੱਲੋਂ ਐਕਟਿਵਾ ਸਵਾਰ ਦੋ ਵਿਅਕਤੀਆਂ ਨੂੰ ਦੇਰ ਰਾਤ ਨਾਕੇ ’ਤੇ ਰੁਕਣ ਦੀ ਹਦਾਇਤ ਕੀਤੀ ਗਈ। ਇਸ ਦੌਰਾਨ ਦੋਵੇਂ ਨਾਕਾ ਤੋੜ ਕੇ ਫਰਾਰ ਹੋ ਗਏ।

ਇਸ ਦੌਰਾਨ ਜਦੋਂ ਪੁਲਿਸ ਪਾਰਟੀ ਐਕਟਿਵਾ ਸਵਾਰਾਂ ਦਾ ਪਿੱਛਾ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਘੇਰ ਲਿਆ ਅਤੇ ਮੁਲਜ਼ਮਾਂ ਨੇ ਪੁਲਿਸ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਪੁਲਿਸ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਫਾਇਰਿੰਗ ਕੀਤੀ, ਜਿਸ ਕਾਰਨ ਦੋਵੇਂ ਮੁਲਜ਼ਮਾਂ ਦੀਆਂ ਲੱਤਾਂ ਵਿੱਚ ਗੋਲੀ ਲੱਗ ਗਈ ਅਤੇ ਉਹ ਜ਼ਖ਼ਮੀ ਹੋ ਗਏ ਅਤੇ ਪੁਲਿਸ ਨੇ ਉਨ੍ਹਾਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ। ਫਿਲਹਾਲ ਦੋਵਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁੱਛਗਿੱਛ ‘ਚ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫੜੇ ਗਏ ਦੋਵੇਂ ਮੁਲਜ਼ਮ ਵਿਦੇਸ਼ ‘ਚ ਰਹਿੰਦੇ ਗੈਂਗਸਟਰ ਪ੍ਰਭ ਦਾਸੂਵਾਲ ਦੇ ਵਾਰਿਸ ਹਨ। ਇਨ੍ਹਾਂ ਦੀ ਪਛਾਣ ਕਰਮਜੀਤ ਸਿੰਘ ਕਰਨ ਪਿੰਡ ਤੂਤ ਅਤੇ ਗੁਰਲਾਲ ਜੀਤ ਸਿੰਘ ਵਾਸੀ ਭੰਗਾਲਾ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ ਇੱਕ ਦੇਸੀ ਪਿਸਤੌਲ, ਐਕਟਿਵਾ ਤੇ ਹੋਰ ਸਾਮਾਨ ਬਰਾਮਦ ਹੋਇਆ ਹੈ।

ਫਿਲਹਾਲ ਪੁਲਿਸ ਨੇ ਇਸ ਮਾਮਲੇ ‘ਚ ਸ਼ਿਕਾਇਤ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਕੋਈ ਵੀ ਅਧਿਕਾਰੀ ਇਸ ਸਬੰਧੀ ਬੋਲਣ ਨੂੰ ਤਿਆਰ ਨਹੀਂ ਹੈ। ਸੂਚਨਾ ਮਿਲੀ ਹੈ ਕਿ ਪੁਲਿਸ ਦੇ ਉੱਚ ਅਧਿਕਾਰੀ ਦੁਪਹਿਰ ਨੂੰ ਪ੍ਰੈੱਸ ਕਾਨਫਰੰਸ ਕਰਨਗੇ।

LEAVE A REPLY

Please enter your comment!
Please enter your name here