ਚੰਡੀਗੜ੍ਹ : ਪੰਜਾਬ ਵਿੱਚ ਜਿੱਥੇ ਕੱਲ੍ਹ 8 ਜਨਵਰੀ ਨੂੰ ਸਕੂਲ ਖੁੱਲ੍ਹਣ ਜਾ ਰਹੇ ਹਨ, ਉੱਥੇ ਹੀ ਸੂਬੇ ਵਿੱਚ ਠੰਡ ਦਾ ਕਹਿਰ ਜਾਰੀ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਹਾਲ ਹੀ ਵਿੱਚ ਸਰਦੀਆਂ ਦੀਆਂ ਛੁੱਟੀਆਂ ਵਿੱਚ ਵਾਧਾ ਕੀਤਾ ਗਿਆ ਸੀ, ਜਿਸ ਕਾਰਨ ਸਕੂਲੀ ਵਿਦਿਆਰਥੀਆਂ ਨੂੰ 31 ਦਸੰਬਰ ਤੋਂ 7 ਜਨਵਰੀ ਤੱਕ ਛੁੱਟੀਆਂ ਦਿੱਤੀਆਂ ਗਈਆਂ ਸਨ। ਹੁਣ ਜਦੋਂ ਠੰਡ ਲਗਾਤਾਰ ਵਧ ਰਹੀ ਹੈ ਅਤੇ ਸਵੇਰ ਵੇਲੇ ਸੰਘਣੀ ਧੁੰਦ ਵੀ ਦੇਖਣ ਨੂੰ ਮਿਲ ਰਹੀ ਹੈ ਤਾਂ ਕਿਆਸ ਲਗਾਏ ਜਾ ਰਹੇ ਹਨ ਕਿ ਪੰਜਾਬ ਸਰਕਾਰ ਅੱਜ ਛੁੱਟੀਆਂ ਵਧਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਸਕੂਲਾਂ ‘ਚ 31 ਦਸੰਬਰ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ ਪਰ ਵਧਦੀ ਠੰਡ ਦੇ ਮੱਦੇਨਜ਼ਰ ਛੁੱਟੀਆਂ ਵਧਾ ਦਿੱਤੀਆਂ ਗਈਆਂ ਸਨ। ਪੰਜਾਬ ਵਿੱਚ ਸੀਤ ਲਹਿਰ ਜਾਰੀ ਹੈ। ਇਸ ਕਾਰਨ ਮਾਪੇ, ਅਧਿਆਪਕ ਅਤੇ ਵਿਦਿਆਰਥੀ ਪ੍ਰੇਸ਼ਾਨ ਹਨ ਅਤੇ ਇਸ ਸਮੱਸਿਆ ਦੇ ਚੱਲਦਿਆਂ ਪੰਜਾਬ ਸਰਕਾਰ ਹੋਰ ਛੁੱਟੀਆਂ ਵਧਾਉਣ ਦਾ ਵੱਡਾ ਫ਼ੈਸਲਾ ਲੈ ਸਕਦੀ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਠੰਡ ਦੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦੀਆਂ ਛੁੱਟੀਆਂ 11 ਜਨਵਰੀ ਤੱਕ ਵਧਾ ਦਿੱਤੀਆਂ ਗਈਆਂ ਹਨ।
ਹਰਿਆਣਾ ਵਿੱਚ ਵੀ 8ਵੀਂ ਜਮਾਤ ਤੱਕ ਦੇ ਬੱਚਿਆਂ ਨੂੰ 14 ਜਨਵਰੀ ਤੱਕ ਛੁੱਟੀਆਂ ਹਨ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੀ ਅੱਜ ਸਕੂਲਾਂ ਵਿੱਚ ਛੁੱਟੀਆਂ ਵਧਾਉਣ ਦਾ ਐਲਾਨ ਕਰ ਸਕਦੀ ਹੈ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਛੁੱਟੀਆਂ ਲੈ ਕੇ ਛੋਟੀਆਂ ਜਮਾਤਾਂ ਨੂੰ ਵੀ ਆਨਲਾਈਨ ਪੜ੍ਹਾਈ ਕਰਨ ਦੇ ਹੁਕਮ ਦੇ ਸਕਦੀ ਹੈ ਅਤੇ ਵੱਡੀਆਂ ਜਮਾਤਾਂ ਦੇ ਬੱਚਿਆਂ ਨੂੰ ਸਕੂਲ ਆਉਣ ਦੇ ਹੁਕਮ ਜਾਰੀ ਕੀਤੇ ਜਾ ਸਕਦੇ ਹਨ।










