ਚੰਡੀਗੜ੍ਹ : ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ (DGP Gaurav Yadav) ਨੇ ਧੁੰਦ ਦੇ ਮੌਸਮ ਦੇ ਮੱਦੇਨਜ਼ਰ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਨੂੰ ਰਾਤ ਨੂੰ ਨਾਕੇ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਆਪਣੀਆਂ ਹਦਾਇਤਾਂ ਵਿੱਚ ਕਿਹਾ ਕਿ ਰਾਤ ਨੂੰ ਨਾਕੇਬੰਦੀਆਂ ਦੀ ਚੈਕਿੰਗ ਸੀਨੀਅਰ ਅਧਿਕਾਰੀਆਂ ਵੱਲੋਂ ਕੀਤੀ ਜਾਵੇ। ਸੂਬੇ ਵਿੱਚ ਦਾਖਲ ਹੋਣ ਵਾਲੇ ਸਾਰੇ ਰਸਤਿਆਂ ਨੂੰ ਨਾਕੇ ਲਗਾ ਕੇ ਸੀਲ ਕੀਤਾ ਜਾ ਰਿਹਾ ਹੈ ਅਤੇ ਸੁਰੱਖਿਆ ਕਾਰਨਾਂ ਕਰਕੇ ਅੰਤਰ-ਜ਼ਿਲ੍ਹਾ ਪੁਆਇੰਟਾਂ ‘ਤੇ ਵੀ ਨਾਕੇ ਲਗਾਏ ਜਾ ਰਹੇ ਹਨ।
ਡੀ.ਜੀ.ਪੀ ਗੌਰਵ ਯਾਦਵ ਨੇ ਕਿਹਾ ਕਿ ਸੁਰੱਖਿਆ ਸਾਡੀ ਅਹਿਮ ਤਰਜੀਹ ਹੈ ਅਤੇ ਇਸ ਦੇ ਮੱਦੇਨਜ਼ਰ ਸਾਰੇ ਰਾਜਾਂ ਅਤੇ ਅੰਤਰ-ਜ਼ਿਲ੍ਹਾ ਪੁਆਇੰਟਾਂ ‘ਤੇ ਰਾਤ ਸਮੇਂ ਵਾਹਨਾਂ ਦੀ ਚੈਕਿੰਗ ਕੀਤੀ ਜਾਵੇ। ਇਸ ਨਾਲ ਅਪਰਾਧਿਕ ਤੱਤਾਂ ਅਤੇ ਗੈਂਗਸਟਰਾਂ ‘ਤੇ ਨਜ਼ਰ ਰੱਖਣ ‘ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਕਦਮ ਧੁੰਦ ਦੀ ਚਾਦਰ ਹੇਠ ਅਪਰਾਧਿਕ ਅਨਸਰਾਂ ਨੂੰ ਸੂਬੇ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਚੁੱਕਿਆ ਗਿਆ ਹੈ। ਪੰਜਾਬ ਪੁਲਿਸ ਮੁਖੀ ਨੇ ਕਿਹਾ ਕਿ ਪੁਲਿਸ ਐਸਕਾਰਟ ਵਾਹਨਾਂ ਨੂੰ ਵੀ ਅੰਤਰਰਾਜੀ ਪ੍ਰਵੇਸ਼ ਮਾਰਗਾਂ ‘ਤੇ ਪਾਰਕ ਕੀਤਾ ਜਾਵੇ ਤਾਂ ਜੋ ਅਪਰਾਧਿਕ ਅਨਸਰਾਂ ਦੇ ਮਨਾਂ ‘ਚ ਡਰ ਬਣਿਆ ਰਹੇ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸੂਬੇ ‘ਚ ਪੁਲਿਸ ਥਾਣਿਆਂ ‘ਤੇ ਅੱਤਵਾਦੀਆਂ ਨੇ ਗ੍ਰੇਨੇਡ ਹਮਲੇ ਕੀਤੇ ਸਨ। ਭਾਵੇਂ ਪੰਜਾਬ ਪੁਲਿਸ ਨੇ ਗ੍ਰਨੇਡ ਹਮਲੇ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਜਾਂ ਤਾਂ ਮਾਰ ਮੁਕਾਇਆ ਹੈ ਜਾਂ ਗ੍ਰਿਫ਼ਤਾਰ ਕੀਤਾ ਹੈ ਪਰ ਫਿਰ ਵੀ ਧੁੰਦ ਦੇ ਮੌਸਮ ਕਾਰਨ ਅਤਿ ਚੌਕਸੀ ਦੀ ਲੋੜ ਹੈ। ਪੰਜਾਬ ਪੁਲਿਸ ਨੇ ਸਰਹੱਦੀ ਜ਼ਿਲ੍ਹਿਆਂ ਖਾਸ ਕਰਕੇ ਪੁਲਿਸ ਚੌਕੀਆਂ ਅਤੇ ਪੁਲਿਸ ਥਾਣਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਰਾਤ ਦੇ ਸਮੇਂ ਉਨ੍ਹਾਂ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਕਰਨ ਲਈ ਵੀ ਕਿਹਾ ਹੈ। ਜੰਮੂ-ਕਸ਼ਮੀਰ, ਹਰਿਆਣਾ, ਰਾਜਸਥਾਨ ਅਤੇ ਹੋਰ ਰਸਤਿਆਂ ਤੋਂ ਪੰਜਾਬ ਵਿੱਚ ਦਾਖਲ ਹੋਣ ਵਾਲੇ ਰਸਤਿਆਂ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਜੰਮੂ-ਕਸ਼ਮੀਰ ਤੋਂ ਆਉਣ ਵਾਲੇ ਵਾਹਨਾਂ ‘ਤੇ ਵਿਸ਼ੇਸ਼ ਚੌਕਸੀ ਰੱਖੀ ਜਾ ਰਹੀ ਹੈ ਕਿਉਂਕਿ ਪਹਿਲਾਂ ਵੀ ਜੰਮੂ-ਕਸ਼ਮੀਰ ‘ਚ ਅੱਤਵਾਦੀ ਹਮਲੇ ਹੋ ਚੁੱਕੇ ਹਨ।