ਜਲੰਧਰ: ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ (Radha Swami Satsang Dera Beas) ਦੇ ਪੈਰੋਕਾਰਾਂ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਲਈ ਦੁਖਦਾਈ ਖ਼ਬਰ ਹੈ। ਦਰਅਸਲ ਹਿਮਾਚਲ ਪ੍ਰਦੇਸ਼ ਦੇ ਭੋਟਾ ‘ਚ ਸਥਿਤ ਡੇਰਾ ਬਿਆਸ ਦੇ ਹਸਪਤਾਲ (The Dera Beas Hospital) ਨੂੰ ਜੰਮੂ-ਕਸ਼ਮੀਰ ‘ਚ ਸ਼ਿਫਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਜੰਮੂ-ਕਸ਼ਮੀਰ ਸਰਕਾਰ ਦੇ ਕੁਝ ਨੁਮਾਇੰਦੇ ਵੀ ਪਿਛਲੇ ਦਿਨੀਂ ਡੇਰਾ ਬਿਆਸ ਪੁੱਜੇ ਸਨ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹਸਪਤਾਲ ਨੂੰ ਜੰਮੂ ਸ਼ਿਫਟ ਕਰਨ ਸਬੰਧੀ ਉਨ੍ਹਾਂ ਡੇਰਾ ਬਿਆਸ ਦੇ ਪ੍ਰਬੰਧਕਾਂ ਨਾਲ ਗੱਲ ਕੀਤੀ ਹੈ ਅਤੇ ਇਸ ਸਬੰਧੀ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ ਹੈ। ਇਸ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜਲਦ ਹੀ ਹਿਮਾਚਲ ਪ੍ਰਦੇਸ਼ ਦੇ ਭੋਟਾ ਸਥਿਤ ਹਸਪਤਾਲ ਨੂੰ ਜੰਮੂ ਸ਼ਿਫਟ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦਾ ਹਿਮਾਚਲ ਪ੍ਰਦੇਸ਼ ਸਰਕਾਰ ਨਾਲ ਜ਼ਮੀਨੀ ਮਾਮਲੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਜਿਸ ਕਾਰਨ ਡੇਰਾ ਬਿਆਸ ਨੂੰ ਸਰਕਾਰ ਵੱਲੋਂ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਇਸ ਮਸਲੇ ਦਾ ਹੱਲ ਨਹੀਂ ਕੱਢ ਸਕੀ। ਡੇਰਾ ਬਿਆਸ ਵੱਲੋਂ ਇਹ ਵੱਡਾ ਫ਼ੈਸਲਾ ਸਰਕਾਰ ਤੋਂ ਰਾਹਤ ਨਾ ਮਿਲਣ ਦੇ ਮੱਦੇਨਜ਼ਰ ਲਿਆ ਜਾ ਰਿਹਾ ਹੈ। ਇਸ ਫ਼ੈਸਲੇ ਦਾ ਹਿਮਾਚਲ ਪ੍ਰਦੇਸ਼ ਵਿੱਚ ਸਿਹਤ ਸੇਵਾਵਾਂ ਉੱਤੇ ਮਾੜਾ ਅਸਰ ਪਵੇਗਾ। ਹਸਪਤਾਲ ਤਬਦੀਲ ਕਰਨ ਕਾਰਨ ਸਰਕਾਰ ਨੂੰ ਵੀ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਉਂਕਿ ਡੇਰਾ ਬਿਆਸ ਭੋਟਾ ਹਸਪਤਾਲ ਵਿੱਚ ਲੋਕਾਂ ਨੂੰ ਮੁਫ਼ਤ ਉੱਚ ਪੱਧਰੀ ਸਿਹਤ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ।
75 ਬਿਸਤਰਿਆਂ ਦਾ ਭੋਟਾ ਹਸਪਤਾਲ 44 ਏਕੜ ਰਕਬੇ ਵਿੱਚ ਬਣਿਆ ਹੈ, ਰੋਜ਼ਾਨਾ 1000 ਮਰੀਜ਼ਾਂ ਦੀ ਓ.ਪੀ.ਡੀ.
ਭੋਟਾ ਚੈਰੀਟੇਬਲ ਹਸਪਤਾਲ ਜ਼ਿਲ੍ਹਾ ਹਮੀਰਪੁਰ, ਭੋਟਾ ਸ਼ਿਮਲਾ-ਧਰਮਸ਼ਾਲਾ ਅਤੇ ਊਨਾ-ਮੰਡੀ ਸੜਕਾਂ ਦੇ ਚੌਰਾਹੇ ‘ਤੇ 44 ਏਕੜ ਜ਼ਮੀਨ ‘ਤੇ ਬਣਾਇਆ ਗਿਆ ਹੈ। ਇੱਥੇ ਹਰ ਰੋਜ਼ 1000 ਦੇ ਕਰੀਬ ਮਰੀਜ਼ਾਂ ਦੀ ਓ.ਪੀ.ਡੀ ਹੁੰਦੀ ਹੈ ਅਤੇ ਉਨ੍ਹਾਂ ਨੂੰ ਮੁਫ਼ਤ ਮੈਡੀਕਲ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ। ਇਹ 75 ਬਿਸਤਰਿਆਂ ਵਾਲਾ ਹਸਪਤਾਲ 20 ਜੂਨ, 1999 ਨੂੰ ਚਾਲੂ ਹੋ ਗਿਆ ਸੀ। ਮਰੀਜ਼ਾਂ ਲਈ ਲੈਬਾਰਟਰੀ ਤੋਂ ਇਲਾਵਾ ਐਕਸਰੇ, ਈ.ਸੀ.ਜੀ., ਮੁਫ਼ਤ ਦਵਾਈਆਂ ਅਤੇ ਲੰਗਰ ਦੀ ਸਹੂਲਤ ਵੀ ਉਪਲਬਧ ਹੈ।
ਮਰੀਜ਼ਾਂ ਦੇ ਇਲਾਜ ਲਈ ਹਸਪਤਾਲ ਵਿੱਚ ਤਜਰਬੇਕਾਰ ਡਾਕਟਰ ਤਾਇਨਾਤ ਕੀਤੇ ਗਏ ਹਨ। ਹਸਪਤਾਲ ਵਿੱਚ 24 ਘੰਟੇ ਫਸਟ ਏਡ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇੱਥੇ ਤਾਇਨਾਤ ਫਿਜ਼ੀਓਥੈਰੇਪਿਸਟ ਸਾਲਾਨਾ ਲਗਭਗ 1000 ਮਰੀਜ਼ਾਂ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ। ਇੱਥੇ ਸਾਲਾਨਾ 1500 ਅੱਖਾਂ ਦੇ ਮੁਫ਼ਤ ਅਪਰੇਸ਼ਨ ਵੀ ਕੀਤੇ ਜਾਂਦੇ ਹਨ। ਸਰਜਨ ਡਾਕਟਰ ਵੀ ਸਮੇਂ-ਸਮੇਂ ‘ਤੇ ਇੱਥੇ ਆਉਂਦੇ ਰਹਿੰਦੇ ਹਨ। ਹਸਪਤਾਲ ਵਿੱਚ 2 ਏਅਰ ਕੰਡੀਸ਼ਨਡ ਅਪਰੇਸ਼ਨ ਥੀਏਟਰ ਹਨ।










