ਤੇਲੰਗਾਨਾ : ਤੇਲੰਗਾਨਾ ( Telangana) ਕਾਂਗਰਸ ਵਿਧਾਇਕ ਦਲ (ਸੀ.ਐੱਲ.ਪੀ.) ਦੇ ਨੇਤਾ ਅਨੁਮੁਲਾ ਰੇਵੰਤ ਰੈੱਡੀ (Anumula Revanth Reddy) ਹਾਲ ਹੀ ‘ਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੀ ਜਿੱਤ ਤੋਂ ਬਾਅਦ ਅੱਜ ਸੂਬੇ ਦੇ ਦੂਜੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। 56 ਸਾਲਾ ਨੇਤਾ ਰੇਵੰਤ ਰੈਡੀ ਦਾ ਸਹੁੰ ਚੁੱਕ ਸਮਾਗਮ ਇੱਥੇ ਦੁਪਹਿਰ 1:04 ਵਜੇ ਵਿਸ਼ਾਲ ਐਲਬੀ ਸਟੇਡੀਅਮ ਵਿੱਚ ਹੋਵੇਗਾ। ਰਾਜ ਦੀ ਮੁੱਖ ਸਕੱਤਰ ਏ ਸ਼ਾਂਤੀ ਕੁਮਾਰੀ, ਪੁਲਿਸ ਡਾਇਰੈਕਟਰ ਜਨਰਲ (ਡੀ.ਜੀ.ਪੀ) ਰਵੀ ਗੁਪਤਾ ਨੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਬੀਤੇ ਦਿਨ ਸਥਾਨ ਦਾ ਨਿਰੀਖਣ ਵੀ ਕੀਤਾ।
ਪ੍ਰੋਗਰਾਮ ‘ਚ ਕਰੀਬ ਇਕ ਲੱਖ ਲੋਕਾਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ। ਸਹੁੰ ਚੁੱਕ ਸਮਾਗਮ ਵਿੱਚ ਕਾਂਗਰਸ ਸੰਸਦੀ ਦਲ (ਸੀ.ਪੀ.ਪੀ) ਦੀ ਪ੍ਰਧਾਨ ਸੋਨੀਆ ਗਾਂਧੀ, ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ, ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਅਤੇ ਖੜਗੇ ਦੇ ਵੀ ਸ਼ਾਮਿਲ ਹੋਣ ਦੀ ਉਮੀਦ ਹੈ। ਰੇਵੰਤ ਰੈਡੀ ਨੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਲੋਕਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਅਤੇ ਕਿਹਾ ਕਿ ‘ਲੋਕਾਂ ਦੀ ਸਰਕਾਰ’ ਅੱਜ ਸੱਤਾ ਸੰਭਾਲੇਗੀ, ਜੋ ਲੋਕਤੰਤਰੀ ਅਤੇ ਪਾਰਦਰਸ਼ੀ ਸ਼ਾਸਨ ਨੂੰ ਮਹੱਤਵ ਦੇਵੇਗੀ।
ਮੀਡੀਆ ਰਿਪੋਰਟਾਂ ਅਨੁਸਾਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕਾਂਗਰਸੀ ਵਿਧਾਇਕ ਅਤੇ ਪਿਛਲੀ ਵਿਧਾਨ ਸਭਾ ਵਿੱਚ ਚੁਣੇ ਗਏ ਸੀ.ਐਲ.ਪੀ ਨੇਤਾ ਮੱਲੂ ਭੱਟੀ ਵਿਕਰਮਰਕਾ ਅਤੇ ਕੁਝ ਹੋਰ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ। ਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਦੇ ਹਿਸਾਬ ਨਾਲ ਤੇਲੰਗਾਨਾ ਵਿੱਚ ਮੁੱਖ ਮੰਤਰੀ ਸਮੇਤ 18 ਮੰਤਰੀ ਹੋ ਸਕਦੇ ਹਨ। ਰੇਵੰਤ ਰੈਡੀ ਦੇ ਸੱਦੇ ‘ਤੇ ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ) ਦੇ ਜਨਰਲ ਸਕੱਤਰ ਡੀ. ਰਾਜਾ ਦੇ ਵੀ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਸੰਭਾਵਨਾ ਹੈ। ਵਿਧਾਨ ਸਭਾ ਚੋਣਾਂ ਲਈ ਸੀ.ਪੀ.ਆਈ ਨੇ ਕਾਂਗਰਸ ਨਾਲ ਗਠਜੋੜ ਕੀਤਾ ਸੀ।
ਰਾਜ ਦੇ ਡੀ.ਜੀ.ਪੀ ਰਵੀ ਗੁਪਤਾ ਨੇ ਬੀਤੇ ਦਿਨ ਕਿਹਾ ਕਿ ਆਵਾਜਾਈ ਅਤੇ ਹੋਰ ਉਪਾਵਾਂ ਨੂੰ ਸੁਚਾਰੂ ਬਣਾਉਣ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਜਨਤਾ ਨੂੰ ਘੱਟ ਤੋਂ ਘੱਟ ਅਸੁਵਿਧਾ ਦਾ ਸਾਹਮਣਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਸਮਾਗਮ ਵਿੱਚ ਸ਼ਾਮਿਲ ਹੋਣ ਵਾਲੇ ਕੁਝ ਅਹਿਮ ਲੋਕ ਸ਼ਹਿਰ ਦੇ ਬਾਹਰੀ ਇਲਾਕੇ ‘ਚ ਹਵਾਈ ਜਹਾਜ਼ ਰਾਹੀਂ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਣਗੇ, ਜਦਕਿ ਬਾਕੀ ਬੇਗਮਪੇਟ ਹਵਾਈ ਅੱਡੇ ‘ਤੇ ਪਹੁੰਚਣਗੇ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਕੀਤੇ ਜਾਣਗੇ। ਏ.ਆਈ.ਸੀ.ਸੀ ਲੀਡਰਸ਼ਿਪ ਨੇ ਰੇਵੰਤ ਰੈਡੀ ਨੂੰ ਸੀ.ਐਲ.ਪੀ ਨੇਤਾ ਅਤੇ ਤੇਲੰਗਾਨਾ ਦੇ ਅਗਲੇ ਮੁੱਖ ਮੰਤਰੀ ਵਜੋਂ ਨਾਮਜ਼ਦ ਕੀਤਾ ਹੈ। ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐਸ) ਨੂੰ ਹਰਾ ਕੇ 119 ਵਿੱਚੋਂ 64 ਸੀਟਾਂ ਜਿੱਤੀਆਂ ਸਨ।