ਹਰਿਆਣਾ : ਹਰਿਆਣਾ ਤੋਂ ਰਾਜ ਸਭਾ ਦੀ ਨਵੀਂ ਚੁਣੀ ਗਈ ਸੰਸਦ ਮੈਂਬਰ ਰੇਖਾ ਸ਼ਰਮਾ (Member of Parliament Rekha Sharma) ਭਲਕੇ ਸੰਸਦ ਭਵਨ ‘ਚ ਸਹੁੰ ਚੁੱਕਣਗੇ। ਤੁਹਾਨੂੰ ਦੱਸ ਦੇਈਏ ਕਿ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਅਤੇ ਭਾਜਪਾ ਨੇਤਾ ਰੇਖਾ ਸ਼ਰਮਾ ਰਾਜ ਸਭਾ ਉਪ ਚੋਣ ਵਿੱਚ ਬਿਨਾਂ ਮੁਕਾਬਲਾ ਚੁਣੇ ਗਏ ਹਨ। ਸ਼ੁੱਕਰਵਾਰ ਨੂੰ ਨਾਮਜ਼ਦਗੀ ਵਾਪਸ ਲੈਣ ਦਾ ਆਖਰੀ ਦਿਨ ਸੀ। ਸ਼ਰਮਾ ਅੱਗੇ ਕਿਸੇ ਵੀ ਉਮੀਦਵਾਰ ਨੇ ਨਾਮਜ਼ਦਗੀ ਦਾਖ਼ਲ ਨਹੀਂ ਕੀਤੀ ਸੀ। ਨਾਮਜ਼ਦਗੀਆਂ ਵਾਪਸ ਲੈਣ ਦੀ ਸਮਾਂ ਸੀਮਾ ਖਤਮ ਹੋਣ ਤੋਂ ਬਾਅਦ ਰਿਟਰਨਿੰਗ ਅਫਸਰ ਨੇ ਉਨ੍ਹਾਂ ਨੂੰ ਜਿੱਤ ਦਾ ਸਰਟੀਫਿਕੇਟ ਦੇ ਕੇ ਜੇਤੂ ਐਲਾਨ ਦਿੱਤਾ।
ਰਾਜ ਸਭਾ ਭੇਜਣ ਲਈ ਧੰਨਵਾਦ ਕੀਤਾ ਪ੍ਰਗਟ
ਇਸ ਦੌਰਾਨ ਰੇਖਾ ਸ਼ਰਮਾ ਨੇ ਕਿਹਾ ਸੀ ਕਿ ਮੈਨੂੰ ਰਾਜ ਸਭਾ ‘ਚ ਭੇਜਣ ਲਈ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਮੁੱਖ ਮੰਤਰੀ ਨਾਇਬ ਸੈਣੀ ਦਾ ਧੰਨਵਾਦ ਕਰਦੀ ਹਾਂ। ਉਨ੍ਹਾਂ ਨੇ ਮੈਨੂੰ ਰਾਜ ਸਭਾ ਦੇ ਯੋਗ ਸਮਝਿਆ, ਮੈਂ ਆਪਣੀ ਨਿਰਵਿਰੋਧ ਚੋਣ ਲਈ ਜਨਤਾ ਦਾ ਵੀ ਧੰਨਵਾਦ ਕਰਦੀ ਹਾਂ । ਮੇਰਾ ਮਕਸਦ ਲੋਕਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਰਾਜ ਸਭਾ ‘ਚ ਉਠਾਉਣਾ ਹੋਵੇਗਾ।
90 ਸੀਟਾਂ ਵਾਲੀ ਹਰਿਆਣਾ ਵਿਧਾਨ ਸਭਾ ‘ਚ ਭਾਜਪਾ ਦੇ 48 ਵਿਧਾਇਕ ਹਨ ਜਦਕਿ ਇਸ ਨੂੰ 3 ਆਜ਼ਾਦ ਵਿਧਾਇਕਾਂ ਦਾ ਸਮਰਥਨ ਵੀ ਹਾਸਲ ਹੈ। ਅਜਿਹੇ ‘ਚ ਭਾਜਪਾ ਉਮੀਦਵਾਰ ਦੀ ਜਿੱਤ ਤੈਅ ਸੀ। ਰੇਖਾ ਸ਼ਰਮਾ ਨੇ ਨਾਮਜ਼ਦਗੀ ਦੇ ਆਖਰੀ ਦਿਨ 10 ਦਸੰਬਰ ਨੂੰ ਅਰਜ਼ੀ ਦਿੱਤੀ ਸੀ। ਹਰਿਆਣਾ ਵਿੱਚ ਰਾਜ ਸਭਾ ਦੀਆਂ 5 ਸੀਟਾਂ ਹਨ। ਇਨ੍ਹਾਂ ‘ਚੋਂ 4 ‘ਤੇ ਸਿੱਧੇ ਤੌਰ ‘ਤੇ ਭਾਜਪਾ ਨੇ ਕਬਜ਼ਾ ਕਰ ਲਿਆ ਹੈ। ਜਿਸ ਵਿੱਚ ਰੇਖਾ ਸ਼ਰਮਾ ਅਤੇ ਉਸ ਤੋਂ ਪਹਿਲਾਂ ਸੁਭਾਸ਼ ਬਰਾਲਾ, ਰਾਮਚੰਦਰ ਜਾਂਗੜਾ ਅਤੇ ਕਿਰਨ ਚੌਧਰੀ ਸ਼ਾਮਲ ਹਨ। ਇਸ ਤੋਂ ਇਲਾਵਾ ਆਜ਼ਾਦ ਕਾਰਤੀਕੇਯ ਸ਼ਰਮਾ ਵੀ ਭਾਜਪਾ ਦੇ ਸਮਰਥਨ ਨਾਲ ਰਾਜ ਸਭਾ ਮੈਂਬਰ ਚੁਣੇ ਗਏ ਹਨ।