ਤਹਿਰਾਨ : ਈਰਾਨ ‘ਚ ਇਸ ਹਫ਼ਤੇ ਤੋਂ ਨਵੇਂ ਪਰਦਾਦਾਰੀ ਨਿਯਮ ਲਾਗੂ ਕਰ ਦਿੱਤੇ ਗਏ ਹਨ। ਇਨ੍ਹਾਂ ਦੀ ਉਲੰਘਣਾ ਕਰਨ ‘ਤੇ ਔਰਤਾਂ ਨੂੰ ਫਾਂਸੀ ਤੋਂ ਲੈ ਕੇ 15 ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਅਧਿਕਾਰੀ ਜਿਸ ਔਰਤ ਦੇ ਚਾਲ-ਚਲਣ ਨੂੰ ਧਰਤੀ ਦਾ ਸਭ ਤੋਂ ਭੈੜਾ ਵਿਵਹਾਰ ਮੰਨਣਗੇ, ਉਸ ਨੂੰ ਈਰਾਨ ਦੇ ਇਸਲਾਮਿਕ ਕਾਨੂੰਨ ਦੀ ਧਾਰਾ 296 ਦੇ ਤਹਿਤ ਮੌਤ ਦੀ ਸਜ਼ਾ ਦਿੱਤੀ ਜਾਵੇਗੀ।
ਇਹ ਨਵੇਂ ਨਿਯਮ ਈਰਾਨ ‘ਚ ਹਿਜਾਬ ਅਤੇ ਔਰਤਾਂ ਦੀ ਪਵਿੱਤਰਤਾ ਨੂੰ ਉਤਸ਼ਾਹਿਤ ਕਰਨ ਲਈ ਹਨ ਅਤੇ ਇਨ੍ਹਾਂ ਨੂੰ ਈਰਾਨ ਸਰਕਾਰ ਨੇ ਇਸ ਮਹੀਨੇ ਮਨਜ਼ੂਰੀ ਦੇ ਦਿੱਤੀ ਹੈ। ਨੰਗਪੁਣੇ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਔਰਤਾਂ ਅਜਿਹੇ ਕੱਪੜੇ ਪਹਿਨਣ ਵਾਲੀਆਂ ਔਰਤਾਂ, ਜਿਨ੍ਹਾਂ ‘ਚੋਂ ਸਰੀਰ ਦਾ ਹਿੱਸਾ ਦਿਖਦਾ ਹੈ, ਨੂੰ 13.5 ਲੱਖ ਰੁਪਏ ਤੱਕ ਦਾ ਭਾਰੀ ਜੁਰਮਾਨਾ ਲਾਇਆ ਜਾ ਸਕਦਾ ਹੈ
ਮੁੜ ਅਜਿਹਾ ਕਰਨ ‘ਤੇ 5 ਸਾਲ ਤੋਂ 15 ਸਾਲ ਤੱਕ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਈਰਾਨ ‘ਚ ਧਾਰਾ 37 ਦੇ ਤਹਿਤ ਇਹ ਵੀ ਵਿਵਸਥਾ ਹੈ ਕਿ ਸਰੀਰ ਦਿਖਾਉਣ ਵਾਲੀ ਡ੍ਰੈੱਸ ਅਤੇ ਇਸ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਵਿਦੇਸ਼ੀ ਸੰਸਥਾਵਾਂ, ਜਿਨ੍ਹਾਂ ‘ਚ ਅੰਤਰਰਾਸ਼ਟਰੀ ਮੀਡੀਆ ਅਤੇ ਸਿਵਲ ਸੋਸਾਇਟੀਆਂ ਵੀ ਸ਼ਾਮਲ ਹਨ, ਨੂੰ ਵੀ ਇੱਕ ਦਹਾਕੇ ਦੀ ਕੈਦ ਅਤੇ 13.5 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਇਹ ਕਾਨੂੰਨ ਮਹਿਮਾ ਅਮੀਨੀ ਦੀ ਮੌਤ ਤੋਂ ਬਾਅਦ ਈਰਾਨ ‘ਚ ਹਿਜਾਬ ਖ਼ਿਲਾਫ਼ ਚੱਲੇ ਅੰਦੋਲਨ ਦੇ ਦੋ ਸਾਲ ਬਾਅਦ ਲਿਆਂਦਾ ਗਿਆ ਹੈ।










