ਪੰਜਾਬ : ਪਹਾੜੀ ਇਲਾਕਿਆਂ ‘ਚ ਬਰਫਬਾਰੀ ਤੋਂ ਬਾਅਦ ਪੰਜਾਬ ‘ਚ ਠੰਡ ਲਗਾਤਾਰ ਵਧ ਰਹੀ ਹੈ। ਮੌਸਮ ਵਿਭਾਗ ਮੁਤਾਬਕ 27 ਤੋਂ 29 ਨਵੰਬਰ ਤੱਕ ਸੰਘਣੀ ਧੁੰਦ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਵਿਭਾਗ ਅਨੁਸਾਰ ਅਗਲੇ ਇੱਕ ਹਫ਼ਤੇ ਤੱਕ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ 15 ਤੋਂ 21 ਨਵੰਬਰ ਤੱਕ ਪੰਜਾਬ ‘ਚ ਬਾਰਿਸ਼ ‘ਚ 98 ਫੀਸਦੀ ਕਮੀ ਆਈ ਹੈ। ਇਨ੍ਹਾਂ 7 ਦਿਨਾਂ ‘ਚ ਅੰਮ੍ਰਿਤਸਰ ‘ਚ ਸਿਰਫ 0.2 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਅਜਿਹੇ ‘ਚ ਤਾਪਮਾਨ ‘ਚ ਮਾਮੂਲੀ ਗਿਰਾਵਟ ਆਵੇਗੀ ਪਰ ਮਾਹੌਲ ਖੁਸ਼ਕ ਰਹੇਗਾ।
ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਦੀ ਗੱਲ ਕਰੀਏ ਤਾਂ ਸੂਬੇ ਵਿੱਚ ਹਵਾ ਸਾਫ਼ ਹੋ ਰਹੀ ਹੈ ਪਰ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਮੰਡੀ ਗੋਬਿੰਦਗੜ੍ਹ ਰਿਹਾ, ਜਿੱਥੇ ਏ.ਕਿਊ.ਆਈ 207 ਦਰਜ ਕੀਤਾ ਗਿਆ। ਜਦੋਂ ਕਿ ਅੰਮ੍ਰਿਤਸਰ ਜ਼ਿਲ੍ਹੇ ਦਾ 118, ਬਠਿੰਡਾ 117, ਜਲੰਧਰ 151, ਖੰਨਾ 191, ਲੁਧਿਆਣਾ 138, ਪਟਿਆਲਾ 184, ਰੂਪਨਗਰ 123 ਦਰਜ ਕੀਤਾ ਗਿਆ। ਮੌਸਮ ਕੇਂਦਰ ਦੇ ਅਨੁਸਾਰ ਦਸੰਬਰ ਵਿੱਚ ਰਾਤ ਦਾ ਆਮ ਤਾਪਮਾਨ 11-12 ਡਿਗਰੀ ਹੁੰਦਾ ਹੈ, ਹੁਣ ਇਹ ਇਸ ਪੱਧਰ ਤੱਕ ਪਹੁੰਚ ਗਿਆ ਹੈ।