ਜਲੰਧਰ : ਕਿਸਾਨਾਂ ਵੱਲੋਂ ਧਨੋਵਾਲੀ ਨੇੜੇ ਨੈਸ਼ਨਲ ਹਾਈਵੇਅ (National Highway) ’ਤੇ ਧਰਨਾ ਅੱਜ ਵੀ ਜਾਰੀ ਹੈ। ਜਾਣਕਾਰੀ ਮਿਲੀ ਹੈ ਕਿ ਕਿਸਾਨਾਂ ਨੂੰ ਅੱਜ ਦੁਪਹਿਰ 12 ਵਜੇ ਸਰਕਾਰ ਨਾਲ ਗੱਲਬਾਤ ਦਾ ਸੱਦਾ ਮਿਲਿਆ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨਾਲ ਗੱਲਬਾਤ ਸਫਲ ਹੁੰਦੀ ਹੈ ਤਾਂ ਧਰਨਾ ਚੁੱਕਿਆ ਜਾਵੇਗਾ ਨਹੀਂ ਤਾਂ ਉਹ ਨੈਸ਼ਨਲ ਹਾਈਵੇ ‘ਤੇ ਧਰਨਾ ਜਾਰੀ ਰੱਖਣਗੇ ਅਤੇ ਰੇਲ ਆਵਾਜਾਈ ਵੀ ਠੱਪ ਕਰਨਗੇ।
ਦੱਸ ਦੇਈਏ ਕਿ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਰਾਤ ਭਰ ਧਰਨਾ ਜਾਰੀ ਰੱਖਿਆ, ਜਿਸ ਕਾਰਨ ਹਜ਼ਾਰਾਂ ਲੋਕ ਟ੍ਰੈਫਿਕ ਜਾਮ ‘ਚ ਫਸੇ ਰਹੇ। ਮਰੀਜ਼ਾਂ ਨੂੰ ਲਿਜਾਣ ਵਾਲੀਆਂ ਐਂਬੂਲੈਂਸਾਂ ਵੀ ਜਾਮ ਵਿੱਚ ਫਸੀਆਂ ਰਹੀਆਂ। ਟ੍ਰੈਫਿਕ ਜਾਮ ਕਾਰਨ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਬੱਸਾਂ ਵੀ ਸਟੈਂਡ ਤੋਂ ਬਾਹਰ ਨਹੀਂ ਨਿਕਲ ਸਕੀਆਂ। ਹਾਲਾਂਕਿ ਦੋਵੇਂ ਪਾਸੇ ਤੋਂ ਸਰਵਿਸ ਲਾਈਨਾਂ ਖੁੱਲ੍ਹੀਆਂ ਸਨ ਪਰ ਹਾਈਵੇਅ ਦਾ ਰਸਤਾ ਪੂਰੀ ਤਰ੍ਹਾਂ ਬੰਦ ਸੀ। ਫਗਵਾੜਾ ਵੱਲ ਜਾਣ ਵਾਲੇ ਲੋਕਾਂ ਨੂੰ ਕੈਂਟ ਰੋਡ ਤੋਂ ਲੰਘਣਾ ਪਿਆ ਪਰ ਅੱਗੇ ਜਾ ਕੇ ਉਹ ਫਿਰ ਜਾਮ ਵਿੱਚ ਫਸ ਗਏ। ਜਾਮ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਇਸ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਸਰਕਾਰ ਨੇ ਹੀ ਉਨ੍ਹਾਂ ਨੂੰ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਕੀਤਾ ਹੈ। ਕਿਸਾਨ ਜਥੇਬੰਦੀਆਂ ਨੇ ਪਹਿਲਾਂ 9 ਨਵੰਬਰ ਨੂੰ ਧਰਨਾ ਦੇਣ ਦਾ ਐਲਾਨ ਕੀਤਾ ਸੀ ਪਰ 8 ਨਵੰਬਰ ਨੂੰ ਖੇਤੀਬਾੜੀ ਮੰਤਰੀ ਪੰਜਾਬ ਨੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਭਰੋਸਾ ਦਿੱਤਾ ਸੀ ਕਿ 21 ਨੰਵਬਰ ਨੂੰ ਗੰਨਾ ਮਿਲ ਚਾਲੂ ਕਰ ਦੇਣਗੇ ਅਤੇ ਗੰਨੇ ਦੇ ਰੇਟ ਸੰਬੰਧੀ 16 ਨਵੰਬਰ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਖੁਦ ਸ਼ੂਗਰ ਫੈੱਡ ਨਾਲ ਮੀਟਿੰਗ ਕਰਨਗੇ ਪਰ ਇਹ ਮੀਟਿੰਗ 15 ਨਵੰਬਰ ਦੀ ਸ਼ਾਮ ਨੂੰ ਹੀ ਰੱਦ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਫ਼ੈਸਲਾ ਕੀਤਾ ਕਿ 21 ਨਵੰਬਰ ਨੂੰ ਧਨੋਵਾਲੀ ਨੇੜੇ ਨੈਸ਼ਨਲ ਹਾਈਵੇਅ ‘ਤੇ ਧਰਨਾ ਦਿੱਤਾ ਜਾਵੇਗਾ ਅਤੇ ਇਹ ਧਰਨਾ ਬੀਤੇ ਦਿਨ ਤੋਂ ਸ਼ੁਰੂ ਕਰ ਦਿੱਤਾ ਗਿਆ। ਜੋ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ।