ਸਪੋਰਟਸ ਡੈਸਕ : ਭਾਰਤੀ ਅਥਲੀਟ ਹੋਕਾਟੋ ਸੇਮਾ (Indian athlete Hokato Sema) ਨੇ ਪੈਰਾਲੰਪਿਕ ਖੇਡਾਂ (Paralympic Games) ਵਿੱਚ ਪਹਿਲੀ ਵਾਰ ਹਿੱਸਾ ਲੈਂਦੇ ਹੋਏ ਪੁਰਸ਼ਾਂ ਦੇ ਸ਼ਾਟ ਪੁਟ ਐਫ57 ਦੇ ਫਾਈਨਲ ਮੈਚ ਵਿੱਚ ਆਪਣੇ ਨਿੱਜੀ ਸਰਵੋਤਮ ਥਰੋਅ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਨਾਗਾਲੈਂਡ ਦੇ ਅਥਲੀਟ ਹੋਕਾਟੋ ਸੇਮਾ ਨੇ ਸ਼ੁੱਕਰਵਾਰ ਦੇਰ ਰਾਤ ਖੇਡੇ ਗਏ ਸ਼ਾਟ ਪੁਟ ਈਵੈਂਟ ‘ਚ 14.65 ਮੀਟਰ ਦੇ ਆਪਣੇ ਨਿੱਜੀ ਸਰਵੋਤਮ ਥਰੋਅ ਨਾਲ ਤੀਜੇ ਸਥਾਨ ‘ਤੇ ਰਹੇ ਅਤੇ ਕਾਂਸੀ ਦਾ ਤਗਮਾ ਜਿੱਤਿਆ।
ਇਸ ਨਾਲ ਪੈਰਾਲੰਪਿਕ ‘ਚ ਭਾਰਤ ਦੇ 6 ਸੋਨ, 9 ਚਾਂਦੀ ਅਤੇ 12 ਕਾਂਸੀ ਦੇ ਤਗਮਿਆਂ ਦੀ ਗਿਣਤੀ ਵਧ ਕੇ 27 ਹੋ ਗਈ ਹੈ। ਇਸ ਈਵੈਂਟ ਵਿੱਚ ਈਰਾਨ ਦੇ ਯਾਸੀਨ ਕੋਸਾਵਾਨੀ ਨੇ 15.96 ਮੀਟਰ ਥਰੋਅ ਨਾਲ ਸੋਨ ਤਗ਼ਮਾ ਅਤੇ ਥਿਆਗੋ ਪੌਲੀਨੋ ਨੇ 15.06 ਮੀਟਰ ਥਰੋਅ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। 24 ਦਸੰਬਰ 1983 ਨੂੰ ਜਨਮੇ ਹੋਕਾਟੋ ਸੇਮਾ ਨਾਗਾਲੈਂਡ ਦੇ ਇੱਕ ਕਿਸਾਨ ਪਰਿਵਾਰ ਤੋਂ ਹਨ।
ਉਹ ਫੌਜ ਵਿਚ ਸੀ ਅਤੇ ਸਾਲ 2002 ਵਿਚ ਜੰਮੂ-ਕਸ਼ਮੀਰ ਦੇ ਚੌਕੀਬਲ ਵਿਚ ਅੱਤਵਾਦ ਵਿਰੋਧੀ ਮੁਹਿੰਮ ਵਿਚ ਹੋਕਾਟੋ ਸੇਮਾ ਨੇ ਹਿੱਸਾ ਲਿਆ ਸੀ। ਇਸ ਦੌਰਾਨ ਬਾਰੂਦੀ ਸੁਰੰਗ ਦੇ ਧਮਾਕੇ ਵਿੱਚ ਉਨ੍ਹਾਂ ਨੇ ਖੱਬੀ ਲੱਤ ਗਵਾ ਦਿੱਤੀ। ਆਪਣੀ ਲੱਤ ਗਵਾਉਣ ਤੋਂ ਬਾਅਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਕਈ ਚੁਣੌਤੀਆਂ ਦੇ ਬਾਵਜੂਦ 2016 ਵਿੱਚ ਪੈਰਾ ਐਥਲੀਟ ਬਣਨ ਵੱਲ ਮੁੜਿਆ। ਸੇਮਾ ਨੇ ਏਸ਼ੀਅਨ ਪੈਰਾ ਖੇਡਾਂ 2022 (2023) ਵਿੱਚ ਕਾਂਸੀ ਦਾ ਤਗਮਾ ਜਿੱਤਿਆ, ਵਿਸ਼ਵ ਚੈਂਪੀਅਨਸ਼ਿਪ 2024 ਵਿੱਚ ਚੌਥੇ ਸਥਾਨ ‘ਤੇ ਰਹੇ ਅਤੇ ਮੋਰਕੋ ਗ੍ਰਾਂ ਪ੍ਰੀਕਸ 2022 ਵਿੱਚ ਚਾਂਦੀ ਦਾ ਤਗਮਾ ਜਿੱਤਿਆ।