ਜਲੰਧਰ : ਰਾਧਾ ਸੁਆਮੀ ਸਤਿਸੰਗ ਬਿਆਸ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ (Gurinder Singh Dhillon) ਅਤੇ ਉਨ੍ਹਾਂ ਦੇ ਨਵ-ਨਿਯੁਕਤ ਉਤਰਾਧਿਕਾਰੀ ਜਸਦੀਪ ਸਿੰਘ ਗਿੱਲ ਅੱਜ ਸਵੇਰੇ ਜੇਲ੍ਹ ਰੋਡ ਜਲੰਧਰ ਨੇੜੇ ਮਿਸ਼ਨ ਕੰਪਾਊਂਡ ਸਥਿਤ ਰਾਧਾ ਸੁਆਮੀ ਸਤਿਸੰਗ ਬਿਆਸ ਕੇਂਦਰ-1 ਵਿਖੇ ਪਹੁੰਚੇ। ਉਨ੍ਹਾਂ ਦੇ ਆਉਣ ਦੀ ਸੂਚਨਾ ਮਿਲਦੇ ਹੀ ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਉਥੇ ਪਹੁੰਚ ਗਈਆਂ, ਜਿੱਥੇ ਉਨ੍ਹਾਂ ਪੰਡਾਲ ‘ਚ ਬੈਠੀ ਸੰਗਤ ਨੂੰ ਦਰਸ਼ਨ ਦਿੱਤੇ। ਇਸ ਦੌਰਾਨ ਸੰਗਤ ਕਾਫ਼ੀ ਭਾਵੁਕ ਨਜ਼ਰ ਆਈ।
ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ 2 ਸਤੰਬਰ ਨੂੰ ਆਪਣਾ ਉਤਰਾਧਿਕਾਰੀ ਐਲਾਨ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਨੇ 45 ਸਾਲਾ ਜਸਦੀਪ ਸਿੰਘ ਗਿੱਲ ਨੂੰ ਆਪਣਾ ਵਾਰਿਸ ਥਾਪਿਆ ਹੈ ਅਤੇ ਸੰਗਤਾਂ ਨੂੰ ਨਾਮ ਦਾਨ ਦੇਣ ਦਾ ਅਧਿਕਾਰ ਵੀ ਦਿੱਤਾ ਹੈ। ਹਾਲਾਂਕਿ ਬਿਆਸ ਡੇਰੇ ਵੱਲੋਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੌਜੂਦਾ ਸੰਤ ਸਤਿਗੁਰੂ ਹਨ।