ਸਪੋਰਟਸ ਡੈਸਕ : ਭਾਰਤੀ ਨਿਸ਼ਾਨੇਬਾਜ਼ ਅਵਨੀ ਲੇਖਰਾ (Indian shooter Avni Lekhra) ਐਤਵਾਰ ਨੂੰ ਯਾਨੀ ਅੱਜ ਪੈਰਾਲੰਪਿਕ ਖੇਡਾਂ ਦੇ ਮਿਸ਼ਰਤ 10 ਮੀਟਰ ਏਅਰ ਰਾਈਫਲ ਪ੍ਰੋਨ (ਐਸਐਚ1) ਮੁਕਾਬਲੇ ਵਿੱਚ 11ਵੇਂ ਸਥਾਨ ‘ਤੇ ਰਹੀ ਜਦਕਿ ਸਿਧਾਰਥ ਬਾਬੂ (Siddharth Babu) 28ਵੇਂ ਸਥਾਨ ‘ਤੇ ਰਹੇ ਅਤੇ ਇਸ ਤਰ੍ਹਾਂ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੇ।
ਅਵਨੀ 10 ਮੀਟਰ ਏਅਰ ਰਾਈਫਲ ਸਟੈਂਡਿੰਗ ਐਸਐਚ1 ਵਿੱਚ ਆਪਣੇ ਇਤਿਹਾਸਕ ਸੋਨ ਤਮਗਾ ਜਿੱਤਣ ਵਾਲੇ ਪ੍ਰਦਰਸ਼ਨ ਨੂੰ ਦੁਹਰਾ ਨਹੀਂ ਸਕੀ ਅਤੇ ਚੰਗੀ ਸ਼ੁਰੂਆਤ ਦੇ ਬਾਵਜੂਦ 628.8 ਅੰਕਾਂ ਦੇ ਕੁੱਲ ਸਕੋਰ ਨਾਲ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਅਸਫ਼ਲ ਰਹੀ। ਸਿਧਾਰਥ ਨੇ 628.3 ਦਾ ਸਕੋਰ ਬਣਾਇਆ। ਛੇ ਸੀਰੀਜ਼ ‘ਚ ਅਵਨੀ ਦਾ ਸਕੋਰ 105.7, 106.0, 104.1, 106.0, 104.8, 106.2 ਰਿਹਾ, ਜਦਕਿ ਸਿਧਾਰਥ ਦਾ ਸਕੋਰ 104.6, 103.8, 105.7, 104.9, 103.6, 103.6, 104.6 ਰਿਹਾ।
ਅਵਨੀ ਨੇ ਸ਼ੁੱਕਰਵਾਰ ਨੂੰ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ (SH1) ਈਵੈਂਟ ‘ਚ ਸੋਨ ਤਮਗਾ ਜਿੱਤਿਆ ਸੀ। ਉਹ ਲਗਾਤਾਰ ਦੋ ਪੈਰਾਲੰਪਿਕਸ ਵਿੱਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣ ਗਈ ਹੈ। ਉਨ੍ਹਾਂ ਨੇ ਵਿਸ਼ਵ ਰਿਕਾਰਡ ਦੇ ਨਾਲ ਆਪਣੇ ਖਿਤਾਬ ਦਾ ਬਚਾਅ ਕੀਤਾ। SH1 ਵਿੱਚ, ਖਿਡਾਰੀ ਬਿਨਾਂ ਕਿਸੇ ਮੁਸ਼ਕਲ ਦੇ ਬੰਦੂਕ ਨੂੰ ਫੜ ਸਕਦੇ ਹਨ ਅਤੇ ਖੜੇ ਜਾਂ ਬੈਠੇ ਹੋਏ ਨਿਸ਼ਾਨਾ ਲਗਾ ਸਕਦੇ ਹਨ।