ਵਡੋਦਰਾ : ਗੁਜਰਾਤ ਲਗਾਤਾਰ ਭਾਰੀ ਮੀਂਹ ਦੇ ਦੌਰਾਨ ਭਾਰੀ ਹੜ੍ਹ ਦੀ ਸਥਿਤੀ ਨਾਲ ਜੂਝ ਰਿਹਾ ਹੈ, ਆਈ.ਐੱਮ.ਡੀ ਨੇ ਰਾਜ ਦੇ ਕਈ ਹਿੱਸਿਆਂ ਵਿੱਚ ‘ਰੈੱਡ’ ਅਲਰਟ ਜਾਰੀ ਕੀਤਾ ਹੈ। ਭਾਰਤੀ ਮੌਸਮ ਵਿਭਾਗ (Indian Meteorological Department),(IMD) ਨੇ ਅੱਜ, 29 ਅਗਸਤ ਨੂੰ ਰਾਜ ਦੇ ਕਈ ਹਿੱਸਿਆਂ ਲਈ ‘ਰੈੱਡ’ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦੇ ਅਨੁਸਾਰ, ਡੂੰਘੇ ਦਬਾਅ ‘ਤੇ ਸੌਰਾਸ਼ਟਰ ਅਤੇ ਕੱਛ ਦੇ ਉੱਤਰ-ਪੂਰਬੀ ਅਰਬ ਸਾਗਰ ਵੱਲ ਵਧਣ ਦੇ ਨਾਲ ਇਸ ਖੇਤਰ ਵਿੱਚ ਹੋਰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ । ਜਿੱਥੇ ਬਚਾਅ ਕਾਰਜ ਅਤੇ ਨਿਕਾਸੀ ਦਾ ਕੰਮ ਚੱਲ ਰਿਹਾ ਹੈ, ਉੱਥੇ ਹੀ ਪਿਛਲੇ ਤਿੰਨ ਦਿਨਾਂ ‘ਚ ਮੀਂਹ ਨਾਲ ਹੋਣ ਵਾਲੇ ਹਾਦਸਿਆਂ ‘ਚ ਮਰਨ ਵਾਲਿਆਂ ਦੀ ਗਿਣਤੀ 28 ਹੋ ਗਈ ਹੈ।
ਆਈ.ਐਮ.ਡੀ. ਦੇ ਅਨੁਸਾਰ , 12 ਜ਼ਿਲ੍ਹਿਆਂ – ਕੱਛ, ਦੇਵਭੂਮੀ ਦਵਾਰਕਾ, ਜਾਮਨਗਰ, ਮੋਰਬੀ, ਸੁਰੇਂਦਰਨਗਰ, ਰਾਜਕੋਟ, ਪੋਰਬੰਦਰ, ਜੂਨਾਗੜ੍ਹ, ਗਿਰ ਸੋਮਨਾਥ, ਅਮਰੇਲੀ, ਭਾਵਨਗਰ ਅਤੇ ਬੋਟਾਡ ਵਿੱਚ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਹੈ। ਬੀਤੇ ਦਿਨ, ਸੌਰਾਸ਼ਟਰ ਖੇਤਰ ਦੇ ਜ਼ਿਿਲ੍ਹਆਂ, ਜਿਵੇਂ ਕਿ ਦੇਵਭੂਮੀ ਦਵਾਰਕਾ, ਜਾਮਨਗਰ, ਰਾਜਕੋਟ ਅਤੇ ਪੋਰਬੰਦਰ ਵਿੱਚ ਸ਼ਾਮ 6 ਵਜੇ ਖਤਮ ਹੋਏ 12 ਘੰਟਿਆਂ ਦੀ ਮਿਆਦ ਵਿੱਚ 50 ਮਿਲੀਮੀਟਰ ਅਤੇ 200 ਮਿਲੀਮੀਟਰ ਦੇ ਵਿਚਕਾਰ ਮੀਂਹ ਪਿਆ। ਦੇਵਭੂਮੀ ਦਵਾਰਕਾ ਜ਼ਿਲ੍ਹੇ ਦੇ ਭਾਨਵਡ ਤਾਲੁਕਾ ਵਿੱਚ ਇਸ ਸਮੇਂ ਦੌਰਾਨ 185 ਮਿਲੀਮੀਟਰ ਮੀਂਹ ਪਿਆ, ਜੋ ਕਿ ਰਾਜ ਵਿੱਚ ਸਭ ਤੋਂ ਵੱਧ ਹੈ।
ਰਾਜ ਵਿੱਚ ਬਚਾਅ ਅਤੇ ਰਾਹਤ ਕਾਰਜਾਂ ਲਈ 14 ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ.) ਅਤੇ 22 ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸ.ਡੀ.ਆਰ.ਐਫ.) ਟੀਮਾਂ ਦੀ ਸਹਾਇਤਾ ਲਈ ਸੈਨਾ ਦੀਆਂ 6 ਟੁਕੜੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਰਾਜ ਦੇ ਰਾਹਤ ਕਮਿਸ਼ਨਰ ਆਲੋਕ ਪਾਂਡੇ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਲਗਭਗ 40,000 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। NDRF ਦੇ ਇੰਸਪੈਕਟਰ ਮਨਜੀਤ ਮੁਤਾਬਕ ਗੁਜਰਾਤ ਦੇ ਕੁਝ ਹਿੱਸਿਆਂ ‘ਚ ਹੜ੍ਹ ਵਰਗੀ ਸਥਿਤੀ ਜਾਰੀ ਹੋਣ ਕਾਰਨ ਉਨ੍ਹਾਂ ਨੇ 95 ਲੋਕਾਂ ਨੂੰ ਬਚਾਇਆ ਹੈ। ‘ਪਿਛਲੇ 2 ਦਿਨਾਂ ਵਿੱਚ, ਦਵਾਰਕਾ ਵਿੱਚ ਭਾਰੀ ਮੀਂਹ ਪਿਆ ਹੈ… ਲੋਕਾਂ ਦੇ ਘਰਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ… ਸਾਡੀ ਟੀਮ ਨੇ ਹੁਣ ਤੱਕ 95 ਲੋਕਾਂ ਨੂੰ ਬਚਾਇਆ ਹੈ,’