ਅੱਜ ਤੋਂ ਸ਼ੁਰੂ ਹੋਇਆ ਪੈਰਿਸ ਪੈਰਾਲੰਪਿਕ, ਉਦਘਾਟਨੀ ਸਮਾਰੋਹ ‘ਚ ਭਾਰਤੀ ਦਲ ਦੇ 100 ਤੋਂ ਵੱਧ ਮੈਂਬਰ ਲੈਣਗੇ ਹਿੱਸਾ

0
59

ਸਪੋਰਟਸ ਡੈਸਕ :  ਓਲੰਪਿਕ 2024 ਦੀ ਮੇਜ਼ਬਾਨੀ ਤੋਂ ਬਾਅਦ ਪੈਰਾਲੰਪਿਕ  (Paralympics) ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਇਹ ਟੂਰਨਾਮੈਂਟ ਅੱਜ ਤੋਂ ਸ਼ੁਰੂ ਹੋਵੇਗਾ। ਪੈਰਿਸ ਪੈਰਾਲੰਪਿਕ ਦੇ ਉਦਘਾਟਨੀ ਸਮਾਰੋਹ ਵਿੱਚ ਭਾਰਤੀ ਦਲ ਦੇ 100 ਤੋਂ ਵੱਧ ਮੈਂਬਰ ਹਿੱਸਾ ਲੈਣਗੇ। ਇਨ੍ਹਾਂ ਵਿੱਚ 52 ਖਿਡਾਰੀ ਸ਼ਾਮਲ ਹਨ। ਦਿਲਚਸਪ ਗੱਲ ਇਹ ਹੈ ਕਿ ਖੇਡਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਉਦਘਾਟਨੀ ਸਮਾਰੋਹ ਸਟੇਡੀਅਮ ਦੇ ਬਾਹਰ ਹੋਵੇਗਾ। ਇਸ ਦੇ ਨਾਲ ਹੀ ਵੀਰਵਾਰ ਨੂੰ ਜਿਨ੍ਹਾਂ ਖਿਡਾਰੀਆਂ ਦੇ ਮੁਕਾਬਲੇ ਹੋਣਗੇ, ਉਹ ਦੇਸ਼ਾਂ ਦੀ ਪਰੇਡ ਦਾ ਹਿੱਸਾ ਨਹੀਂ ਹੋਣਗੇ। ਇਨ੍ਹਾਂ ਵਿੱਚ 10 ਮੈਂਬਰੀ ਸ਼ੂਟਿੰਗ ਟੀਮ ਵੀ ਸ਼ਾਮਲ ਹੈ।

ਭਾਰਤੀ ਪੈਰਾਲੰਪਿਕ ਕਮੇਟੀ ਦੇ ਪ੍ਰਧਾਨ ਦੇਵੇਂਦਰ ਝਾਝਰੀਆ ਨੇ ਕਿਹਾ- 29 ਅਗਸਤ ਨੂੰ ਜਿਨ੍ਹਾਂ ਖਿਡਾਰੀਆਂ ਦੇ ਮੁਕਾਬਲੇ ਹੋਣਗੇ, ਉਹ ਉਦਘਾਟਨੀ ਸਮਾਰੋਹ ‘ਚ ਹਿੱਸਾ ਨਹੀਂ ਲੈਣਗੇ। ਸ਼ੂਟਿੰਗ ਟੀਮ ਦੇਸ਼ਾਂ ਦੀ ਪਰੇਡ ‘ਚ ਹਿੱਸਾ ਨਹੀਂ ਲਵੇਗੀ। ਪਰੇਡ ਆਫ ਨੇਸ਼ਨਜ਼ ਵਿੱਚ ਭਾਰਤ ਦੇ 106 ਮੈਂਬਰ ਹਿੱਸਾ ਲੈਣਗੇ, ਜਿਨ੍ਹਾਂ ਵਿੱਚ 52 ਖਿਡਾਰੀ ਅਤੇ 54 ਅਧਿਕਾਰੀ ਸ਼ਾਮਲ ਹਨ।

ਜੈਵਲਿਨ ਥਰੋਅਰ ਸੁਮਿਤ ਅੰਤਿਲ (F64) ਅਤੇ ਸ਼ਾਟਪੁੱਟ ਖਿਡਾਰੀ ਭਾਗਿਆਸ਼੍ਰੀ ਜਾਧਵ (F34) ਭਾਰਤ ਲਈ ਸਾਂਝੇ ਝੰਡਾਬਰਦਾਰ ਹੋਣਗੇ। ਉਦਘਾਟਨੀ ਸਮਾਰੋਹ ਚੈਂਪਸ ਏਲੀਸੀਸ ਅਤੇ ਪਲੇਸ ਡੇ ਲਾ ਕੋਨਕੋਰਡ ‘ਚ ਆਯੋਜਿਤ ਕੀਤਾ ਜਾਵੇਗਾ। ਭਾਰਤ ਨੇ ਪੈਰਿਸ ਪੈਰਾਲੰਪਿਕ ਲਈ ਰਿਕਾਰਡ 84 ਮੈਂਬਰੀ ਦਲ ਭੇਜਿਆ ਹੈ।

ਭਾਰਤ ਦੀ 84 ਮੈਂਬਰੀ ਟੀਮ 95 ਅਧਿਕਾਰੀਆਂ ਦੇ ਨਾਲ 28 ਅਗਸਤ ਤੋਂ ਸ਼ੁਰੂ ਹੋਣ ਵਾਲੇ ਪੈਰਿਸ ਪੈਰਾਲੰਪਿਕ ਵਿੱਚ ਹਿੱਸਾ ਲਵੇਗੀ। ਇਨ੍ਹਾਂ ਵਿੱਚ ਨਿੱਜੀ ਕੋਚ ਅਤੇ ਸਹਾਇਕ ਵੀ ਸ਼ਾਮਲ ਹਨ ਜੋ ਖਿਡਾਰੀਆਂ ਦੀਆਂ ਵਿਸ਼ੇਸ਼ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਦੇ ਨਾਲ ਜਾਂਦੇ ਹਨ। ਇਸ ਤਰ੍ਹਾਂ ਭਾਰਤੀ ਦਲ ਵਿੱਚ ਕੁੱਲ 179 ਮੈਂਬਰ ਸ਼ਾਮਲ ਹਨ। ਇਨ੍ਹਾਂ 95 ਅਧਿਕਾਰੀਆਂ ਵਿੱਚੋਂ 77 ਟੀਮ ਅਧਿਕਾਰੀ, 9 ਟੀਮ ਮੈਡੀਕਲ ਅਫ਼ਸਰ ਅਤੇ 9 ਹੋਰ ਟੀਮ ਅਧਿਕਾਰੀ ਹਨ।

ਭਾਰਤ ਨੇ 2021 ਵਿੱਚ ਟੋਕੀਓ ਪੈਰਾਲੰਪਿਕ ਵਿੱਚ ਪੰਜ ਸੋਨੇ ਸਮੇਤ ਰਿਕਾਰਡ 19 ਤਗਮੇ ਜਿੱਤੇ ਅਤੇ ਉਹ ਸਮੁੱਚੀ ਰੈਂਕਿੰਗ ਵਿੱਚ 24ਵੇਂ ਸਥਾਨ ‘ਤੇ ਰਿਹਾ ਸੀ। ਤਿੰਨ ਸਾਲਾਂ ਬਾਅਦ, ਭਾਰਤ ਦਾ ਟੀਚਾ ਸੋਨ ਤਗਮਿਆਂ ਦੀ ਸੰਖਿਆ ਨੂੰ ਦੋਹਰੇ ਅੰਕਾਂ ਵਿੱਚ ਲੈ ਜਾਣ ਅਤੇ ਕੁੱਲ ਮਿਲਾ ਕੇ 25 ਤੋਂ ਵੱਧ ਤਗਮੇ ਜਿੱਤਣ ਦਾ ਹੈ। ਭਾਰਤ ਇਸ ਵਾਰ 12 ਖੇਡਾਂ ਵਿੱਚ ਹਿੱਸਾ ਲੈ ਰਿਹਾ ਹੈ, ਜਦੋਂ ਕਿ ਟੋਕੀਓ ਵਿੱਚ 54 ਮੈਂਬਰੀ ਟੀਮ ਨੇ ਨੌਂ ਖੇਡਾਂ ਵਿੱਚ ਹਿੱਸਾ ਲਿਆ ਸੀ।

LEAVE A REPLY

Please enter your comment!
Please enter your name here