
ਕੋਲਕਾਤਾ : ਇੰਡੀਅਨ ਪ੍ਰੀਮੀਅਰ ਲੀਗ (IPL) ਸ਼ਨੀਵਾਰ ਨੂੰ ਯਾਨੀ ਅੱਜ ਇੱਕ ਦਿਲਚਸਪ ਅਤੇ ਭਾਵਨਾਤਮਕ ਮੈਚ ਦਾ ਗਵਾਹ ਬਣੇਗਾ ਜਦੋਂ ਕੋਲਕਾਤਾ ਨਾਈਟ ਰਾਈਡਰਜ਼ (KKR) ਦੇ ਸਾਬਕਾ ਕਪਤਾਨ ਸ਼੍ਰੇਅਸ ਅਈਅਰ ਈਡਨ ਗਾਰਡਨ ਵਿਖੇ ਆਪਣੀ ਨਵੀਂ ਟੀਮ ਪੰਜਾਬ ਕਿੰਗਜ਼ ਦੀ ਅਗਵਾਈ ਕਰਦੇ ਦਿਖਾਈ ਦੇਣਗੇ। ਇੱਕ ਸੀਜ਼ਨ ਪਹਿਲਾਂ ਹੀ, ਅਈਅਰ ਨੇ ਕੇ.ਕੇ.ਆਰ ਨੂੰ ਆਈ.ਪੀ.ਐਲ ਖਿਤਾਬ ਦਿਵਾ ਕੇ ਇਤਿਹਾਸ ਰਚਿਆ ਸੀ ਪਰ ਹੁਣ ਉਹ ਉਸੇ ਮੈਦਾਨ ‘ਤੇ ਵਿਰੋਧੀ ਟੀਮ ਦੀ ਅਗਵਾਈ ਕਰ ਰਿਹਾ ਹੈ ਅਤੇ ਕੋਲਕਾਤਾ ਦੀਆਂ ਪਲੇਆਫ ਦੀਆਂ ਉਮੀਦਾਂ ਨੂੰ ਚਕਨਾਚੂਰ ਕਰਨ ਦੀ ਸਮਰੱਥਾ ਰੱਖਦਾ ਹੈ।
ਕੇ.ਕੇ.ਆਰ ਦੁਆਰਾ ਰਿਲੀਜ਼ ਕੀਤੇ ਜਾਣ ਤੋਂ ਬਾਅਦ, ਅਈਅਰ ਨੇ ਪੰਜਾਬ ਕਿੰਗਜ਼ ਵਿੱਚ ਇੱਕ ਨਵੀਂ ਸ਼ੁਰੂਆਤ ਕੀਤੀ ਅਤੇ ਦਿੱਲੀ ਕੈਪੀਟਲਜ਼ ਦੇ ਸਾਬਕਾ ਕੋਚ ਰਿੱਕੀ ਪੋਂਟਿੰਗ ਨਾਲ ਰਣਨੀਤਕ ਸਾਂਝੇਦਾਰੀ ਵਿੱਚ ਟੀਮ ਨੂੰ ਮਜ਼ਬੂਤ ਕੀਤਾ। ਮੌਜੂਦਾ ਸੀਜ਼ਨ ਵਿੱਚ, ਅਈਅਰ ਨੇ ਨਾ ਸਿਰਫ਼ ਆਪਣੀ ਕਪਤਾਨੀ ਨਾਲ, ਸਗੋਂ ਬੱਲੇ ਨਾਲ ਵੀ ਪ੍ਰਭਾਵਿਤ ਕੀਤਾ ਹੈ, 263 ਦੌੜਾਂ ਬਣਾਈਆਂ ਹਨ ਅਤੇ ਟੀਮ ਨੂੰ ਪਲੇਆਫ ਦੀ ਦੌੜ ਵਿੱਚ ਰੱਖਿਆ ਹੈ।
ਪੰਜਾਬ ਦੀ ਟੀਮ, ਜਿਸ ਨੇ ਹੁਣ ਤੱਕ ਅੱਠ ਵਿੱਚੋਂ ਪੰਜ ਮੈਚ ਜਿੱਤੇ ਹਨ, ਇਸ ਮੈਚ ਨੂੰ ਜਿੱਤ ਕੇ ਚੋਟੀ ਦੇ ਚਾਰ ਵੱਲ ਹੋਰ ਅੱਗੇ ਵਧਣਾ ਚਾਹੇਗੀ। ਦੂਜੇ ਪਾਸੇ, ਇਹ ਕੇਕੇਆਰ ਲਈ ਕਰੋ ਜਾਂ ਮਰੋ ਦਾ ਮੈਚ ਹੋਵੇਗਾ। ਪੰਜ ਮੈਚ ਹਾਰਨ ਤੋਂ ਬਾਅਦ, ਉਨ੍ਹਾਂ ਦੀਆਂ ਪਲੇਆਫ ਦੀਆਂ ਉਮੀਦਾਂ ਹੁਣ ਬਹੁਤ ਹੀ ਨਾਜ਼ੁਕ ਸੰਤੁਲਨ ਵਿੱਚ ਲਟਕ ਰਹੀਆਂ ਹਨ। ਕੇਕੇਆਰ ਦਾ ਸਿਖਰਲਾ ਕ੍ਰਮ ਸੰਘਰਸ਼ ਕਰ ਰਿਹਾ ਹੈ, ਅਤੇ ਮੱਧ ਕ੍ਰਮ ਵਿੱਚ ਆਂਦਰੇ ਰਸਲ, ਰਿੰਕੂ ਸਿੰਘ ਅਤੇ ਰਮਨਦੀਪ ਸਿੰਘ ਫਿਨਿਸ਼ਿੰਗ ਟੱਚ ਦੇਣ ਵਿੱਚ ਅਸਫਲ ਰਹੇ ਹਨ। ਟੀਮ ਹੁਣ ਕੈਰੇਬੀਅਨ ਆਲਰਾਊਂਡਰ ਰੋਵਮੈਨ ਪਾਵੇਲ ਨੂੰ ਮੌਕਾ ਦੇ ਸਕਦੀ ਹੈ।
ਦੂਜੇ ਪਾਸੇ, ਪੰਜਾਬ ਦੇ ਬੱਲੇਬਾਜ਼ ਪ੍ਰਿਯਾਂਸ਼ ਆਰੀਆ ਅਤੇ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਭੂਮਿਕਾ ਫੈਸਲਾਕੁੰਨ ਹੋ ਸਕਦੀ ਹੈ। ਇਸ ਦੇ ਨਾਲ ਹੀ, ਪਿਛਲੇ ਮੈਚ ਵਿੱਚ ਰਹਾਣੇ ਸਮੇਤ ਚਾਰ ਵਿਕਟਾਂ ਲੈਣ ਵਾਲੇ ਯੁਜਵੇਂਦਰ ਚਾਹਲ, ਕੇ.ਕੇ.ਆਰ ਦੇ ਬੱਲੇਬਾਜ਼ਾਂ ਲਈ ਇੱਕ ਵਾਰ ਫਿਰ ਚੁਣੌਤੀ ਪੇਸ਼ ਕਰਨਗੇ। ਦੋਵਾਂ ਟੀਮਾਂ ਵਿੱਚ ਅੰਤਿਮ ਗਿਆਰਾਂ ਵਿੱਚ ਬਦਲਾਅ ਦੀ ਸੰਭਾਵਨਾ ਅਜੇ ਵੀ ਹੈ। ਈਡਨ ਗਾਰਡਨ ਦੀ ਪਿੱਚ ਨੂੰ ਲੈ ਕੇ ਪਹਿਲਾਂ ਹੀ ਵਿਵਾਦ ਹੋ ਚੁੱਕਾ ਹੈ, ਅਜਿਹੇ ਵਿੱਚ ਕਿਊਰੇਟਰ ਸੁਜਾਨ ਮੁਖਰਜੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ।
ਸਥਾਨ: ਈਡਨ ਗਾਰਡਨ, ਕੋਲਕਾਤਾ
ਸਮਾਂ: ਸ਼ਾਮ 7:30 ਵਜੇ