ਜਲੰਧਰ : ਪੰਜਾਬ ਦੇ ਮੌਸਮ ਵਿੱਚ ਇਕ ਵਾਰ ਫਿਰ ਤਬਦੀਲੀ ਆਉਣ ਵਾਲੀ ਹੈ । ਭਲਕੇ ਯਾਨੀ 16 ਅਪ੍ਰੈਲ ਤੋਂ ਲੈ ਕੇ ਲਗਾਤਾਰ ਤਿੰਨ ਦਿਨ ਲੋਕਾਂ ਨੂੰ ਗਰਮੀ ਦੀ ਲਹਿਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ ਦੇ ਮੌਸਮ ਬਾਰੇ ਵੱਡੀ ਅਪਡੇਟ ਸਾਂਝੀ ਕਰਦੇ ਹੋਏ ਵਿਭਾਗ ਨੇ ਕਿਹਾ ਕਿ 17 ਅਪ੍ਰੈਲ ਤੱਕ ਸੂਬੇ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ, ਜਦਕਿ 18 ਅਤੇ 19 ਅਪ੍ਰੈਲ ਨੂੰ ਕੁਝ ਥਾਵਾਂ ‘ਤੇ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ।
ਇਸ ਦੇ ਨਾਲ ਹੀ ਮੌਸਮ ਵਿਭਾਗ ਵੱਲੋਂ 16, 17 ਅਤੇ 18 ਅਪ੍ਰੈਲ ਨੂੰ ਸੂਬੇ ਵਿਚ ‘ਲੂ’ ਚੱਲਣ ਦੀ ਚਿਤਾਵਨੀ ਦਿੱਤੀ ਗਈ ਹੈ। ਵਿਭਾਗ ਨੇ ਇਨ੍ਹਾਂ 3 ਦਿਨਾਂ ਲਈ ਕਈ ਜ਼ਿਲ੍ਹਿਆਂ ਲਈ ‘ਯੈਲੋ ਅਲਰਟ’ ਵੀ ਜਾਰੀ ਕੀਤਾ ਹੈ। ਉਥੇ ਹੀ ਮੌਸਮ ਵਿਭਾਗ ਨੇ ਅਗਲੇ 48 ਤੋਂ 72 ਘੰਟਿਆਂ ਵਿੱਚ ਦਿੱਲੀ, ਹਰਿਆਣਾ ਅਤੇ ਚੰਡੀਗੜ੍ਹ, ਪੰਜਾਬ ਵਿੱਚ ਗਰਮੀ ਦੀ ਲਹਿਰ ਦੀ ਚਿਤਾਵਨੀ ਦਿੱਤੀ ਹੈ। ਇਨ੍ਹਾਂ ਇਲਾਕਿਆਂ ਵਿੱਚ ਨਮੀ ਵਾਲੀ ਗਰਮੀ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਸਕਦੀ ਹੈ। ਅਜਿਹੀ ਸਥਿਤੀ ਵਿੱਚ ਸੁਰੱਖਿਆ ਲਈ ਛਾਂ ਵਿੱਚ ਰਹਿਣ ਅਤੇ ਹਾਈਡਰੇਟਿਡ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।
ਦੂਜੇ ਪਾਸੇ ਸਿਹਤ ਵਿਭਾਗ ਵੱਲੋਂ ਗਰਮੀ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲੋਕਾਂ ਨੂੰ ਤੇਜ਼ ਧੁੱਪ ਦੌਰਾਨ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਗਰਮੀ ਦੀ ਲਹਿਰ ਤੋਂ ਪ੍ਰਭਾਵਿਤ ਮਰੀਜ਼ਾਂ ਲਈ ਬਿਸਤਰੇ ਰਾਖਵੇਂ ਰੱਖੇ ਗਏ ਹਨ। ਭਾਰਤੀ ਮੌਸਮ ਵਿਗਿਆਨ ਕੇਂਦਰ ਮੁਤਾਬਕ ਪਿਛਲੇ 24 ਘੰਟਿਆਂ ਵਿਚ ਤਾਪਮਾਨ ‘ਚ 1.3 ਡਿਗਰੀ ਦਾ ਵਾਧਾ ਦਰਜ ਕੀਤਾ ਹੈ। ਇਸ ਵੇਲੇ ਸੂਬੇ ਦਾ ਤਾਪਮਾਨ ਆਮ ਦੇ ਕਰੀਬ ਹੀ ਚੱਲ ਰਿਹਾ ਹੈ। ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿਚ ਦਰਜ ਕੀਤਾ ਗਿਆ, ਜਿੱਥੇ ਪਾਰਾ 39.3 ਡਿਗਰੀ ਪਹੁੰਚ ਚੁੱਕਿਆ ਹੈ। ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਤਾਪਮਾਨ ਵਿਚ ਹੋਰ ਵੀ ਵਾਧਾ ਹੋਵੇਗਾ ਅਤੇ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਵੇਗਾ।