ਭਾਰਤ ਦੇ ਸਭ ਤੋਂ ਵੱਡੇ ਬੈਂਕਿੰਗ ਘੁਟਾਲੇ ‘ਚ ਕਈ ਸਾਲਾਂ ਤੋਂ ਫਰਾਰ ਹੀਰਾ ਵਪਾਰੀ ਮੇਹੁਲ ਚੋਕਸੀ ਆਖਰਕਾਰ ਕਾਨੂੰਨ ਦੇ ਚੁੰਗਲ ‘ਚ

0
15

ਨਵੀਂ ਦਿੱਲੀ : ਭਾਰਤ ਦੇ ਸਭ ਤੋਂ ਵੱਡੇ ਬੈਂਕਿੰਗ ਘੁਟਾਲੇ ‘ਚ ਕਈ ਸਾਲਾਂ ਤੋਂ ਫਰਾਰ ਹੀਰਾ ਵਪਾਰੀ ਮੇਹੁਲ ਚੋਕਸੀ ਆਖਰਕਾਰ ਕਾਨੂੰਨ ਦੇ ਚੁੰਗਲ ‘ਚ ਆ ਗਿਆ ਹੈ। ਕਰੀਬ 2 ਅਰਬ ਡਾਲਰ ਦੀ ਧੋਖਾਧੜੀ ਦੇ ਦੋਸ਼ੀ ਚੋਕਸੀ ਨੂੰ ਬੈਲਜੀਅਮ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸੀ.ਬੀ.ਆਈ. ਦੇ ਸੂਤਰਾਂ ਅਨੁਸਾਰ ਇਹ ਗ੍ਰਿਫ਼ਤਾਰੀ ਭਾਰਤੀ ਏਜੰਸੀਆਂ ਦੀ ਨੇੜਿਓਂ ਚੌਕਸੀ ਅਤੇ ਨਿਰੰਤਰ ਸੰਪਰਕ ਕਾਰਨ ਸੰਭਵ ਹੋਈ ਹੈ।

ਚੋਕਸੀ, ਜੋ ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਘੁਟਾਲੇ ਦਾ ਮੁੱਖ ਦੋਸ਼ੀ ਹੈ ਅਤੇ ਨੀਰਵ ਮੋਦੀ ਦਾ ਮਾਮਾ ਹੈ, 2018 ਵਿੱਚ ਭਾਰਤ ਤੋਂ ਭੱਜ ਗਿਆ ਸੀ। ਉਦੋਂ ਤੋਂ, ਉਸਨੇ ਇਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਸ਼ਰਨ ਲਈ- ਕਦੇ ਐਂਟੀਗੁਆ ਅਤੇ ਕਦੇ ਯੂਰਪ। ਪਰ ਹੁਣ ਬੈਲਜੀਅਮ ‘ਚ ਉਸ ਦੀ ਗ੍ਰਿਫ਼ਤਾਰੀ ਨੂੰ ਭਾਰਤ ਲਈ ਵੱਡੀ ਸਫ਼ਲਤਾ ਮੰਨਿਆ ਜਾ ਰਿਹਾ ਹੈ।

ਕਿਵੇਂ ਫੜਿਆ ਗਿਆ ਚੋਕਸੀ ?
ਸੀ.ਬੀ.ਆਈ. ਮੁਤਾਬਕ ਚੋਕਸੀ ਨੂੰ ਬੈਲਜੀਅਮ ਪੁਲਿਸ ਨੇ ਭਾਰਤੀ ਏਜੰਸੀਆਂ ਦੀ ਬੇਨਤੀ ‘ਤੇ ਗ੍ਰਿਫ਼ਤਾਰ ਕੀਤਾ ਸੀ। ਉਹ 2021 ਦੇ ਅਖੀਰ ਵਿਚ ਐਂਟੀਗੁਆ ਤੋਂ ਲਾਪਤਾ ਹੋ ਗਿਆ ਸੀ ਅਤੇ ਉਦੋਂ ਤੋਂ ਉਸ ਦੇ ਟਿਕਾਣੇ ‘ਤੇ ਨਜ਼ਰ ਰੱਖੀ ਜਾ ਰਹੀ ਸੀ। ਦੋ ਮਹੀਨਿਆਂ ਦੀ ਸਖਤ ਨਿਗਰਾਨੀ ਤੋਂ ਬਾਅਦ, ਉਸ ਨੂੰ ਲੱਭ ਲਿਆ ਗਿਆ ਅਤੇ ਹਿਰਾਸਤ ਵਿੱਚ ਲੈ ਲਿਆ ਗਿਆ। ਉਹ ਇਸ ਸਮੇਂ ਪੁਲਿਸ ਹਿਰਾਸਤ ਵਿੱਚ ਹੈ ਅਤੇ ਸੰਭਾਵਨਾ ਹੈ ਕਿ ਉਹ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਜ਼ਮਾਨਤ ‘ਤੇ ਰਿਹਾਅ ਹੋਣ ਦੀ ਕੋਸ਼ਿਸ਼ ਕਰ ਸਕਦਾ ਹੈ।

ਅਦਾਲਤ ਪਹਿਲਾਂ ਹੀ ਜਾਰੀ ਕਰ ਚੁੱਕੀ ਹੈ ਗ੍ਰਿਫ਼ਤਾਰੀ ਵਾਰੰਟ
ਚੋਕਸੀ ਦੇ ਖ਼ਿਲਾਫ਼ ਮੁੰਬਈ ਦੀ ਇਕ ਅਦਾਲਤ ਦੋ ਖੁੱਲ੍ਹੇ ਗ੍ਰਿਫ਼ਤਾਰੀ ਵਾਰੰਟ ਪਹਿਲਾਂ ਹੀ ਜਾਰੀ ਕਰ ਚੁੱਕੀ ਹੈ- ਪਹਿਲਾ 23 ਮਈ, 2018 ਨੂੰ ਅਤੇ ਦੂਜਾ 15 ਜੂਨ, 2021 ਨੂੰ। ਇਹ ਵਾਰੰਟ ਪੀ.ਐਨ.ਬੀ. ਘੁਟਾਲੇ ਵਿੱਚ ਉਸ ਦੀ ਸ਼ਮੂਲੀਅਤ ਕਾਰਨ ਜਾਰੀ ਕੀਤੇ ਗਏ ਸਨ।

ਬੈਲਜੀਅਮ ਵਿੱਚ ਪਨਾਹ ਲੈਣ ਦੀ ਕੋਸ਼ਿਸ਼
ਇਹ ਪਤਾ ਲੱਗਿਆ ਹੈ ਕਿ ਚੋਕਸੀ ਨੇ 15 ਨਵੰਬਰ 2023 ਨੂੰ ਬੈਲਜੀਅਮ ਵਿੱਚ ਸਥਾਈ ਨਿਵਾਸ ਪਰਮਿਟ ਦੀ ਮੰਗ ਕੀਤੀ ਸੀ। ਉਸ ਨੇ ਦਾਅਵਾ ਕੀਤਾ ਕਿ ਉਸ ਦੀ ਪਤਨੀ ਪ੍ਰੀਤੀ ਚੋਕਸੀ ਬੈਲਜੀਅਮ ਦੀ ਨਾਗਰਿਕ ਹੈ ਅਤੇ ਉਥੇ ਵਸਣਾ ਚਾਹੁੰਦੀ ਹੈ। ਉਸਨੇ ਐਫ ਰੈਜ਼ੀਡੈਂਸੀ ਕਾਰਡ ਲਈ ਵੀ ਅਰਜ਼ੀ ਦਿੱਤੀ, ਪਰ ਇਸ ਪ੍ਰਕਿਰਿਆ ਵਿੱਚ, ਉਸਨੇ ਗਲਤ ਜਾਣਕਾਰੀ, ਜਾਅਲੀ ਦਸਤਾਵੇਜ਼ ਅਤੇ ਨਾਗਰਿਕਤਾ ਲੁਕਾਉਣ ਵਰਗੀਆਂ ਗੰਭੀਰ ਉਲੰਘਣਾਵਾਂ ਕੀਤੀਆਂ। ਸੂਤਰਾਂ ਮੁਤਾਬਕ ਚੋਕਸੀ ਇਲਾਜ ਦੇ ਬਹਾਨੇ ਸਵਿਟਜ਼ਰਲੈਂਡ ਦੇ ਇਕ ਕੈਂਸਰ ਹਸਪਤਾਲ ਜਾਣ ਦੀ ਯੋਜਨਾ ਬਣਾ ਰਿਹਾ ਸੀ। ਪਰ ਇਸ ਤੋਂ ਪਹਿਲਾਂ ਹੀ ਉਸ ਦੀ ਗ੍ਰਿਫ਼ਤਾਰੀ ਨੇ ਭਾਰਤ ਦੀਆਂ ਜਾਂਚ ਏਜੰਸੀਆਂ ਲਈ ਨਵੀਂ ਉਮੀਦ ਜਗਾ ਦਿੱਤੀ ਹੈ ਕਿ ਉਸ ਨੂੰ ਜਲਦੀ ਹੀ ਭਾਰਤ ਹਵਾਲੇ ਕਰ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here