ਪਟਨਾ : ਬਿਹਾਰ ਪੁਲਿਸ ਨੇ ਬੀਤੇ ਦਿਨ ਪਟਨਾ ਵਿੱਚ ਜਬਰਨ ਵਸੂਲੀ ਦੇ ਇਕ ਮਾਮਲੇ ਦੀ ਜਾਂਚ ਦੇ ਤਹਿਤ ਵਿਰੋਧੀ ਧਿਰ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਵਿਧਾਇਕ ਰਿਤਲਾਲ ਯਾਦਵ ਅਤੇ ਉਨ੍ਹਾਂ ਦੇ ਕਰੀਬੀ ਸਹਿਯੋਗੀਆਂ ਨਾਲ ਜੁੜੇ ਕਈ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਇਕ ਪੁਲਿਸ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਪੁਲਿਸ ਨੇ 10 ਲੱਖ ਰੁਪਏ ਤੋਂ ਵੱਧ ਦੀ ਨਕਦੀ, 77 ਲੱਖ ਰੁਪਏ ਦੇ ਚੈੱਕ, 6 ਖਾਲੀ ਚੈੱਕ, ਜਾਇਦਾਦਾਂ ਦੀ ਖਰੀਦ ਅਤੇ ਵਿਕਰੀ ਨਾਲ ਜੁੜੇ 14 ਦਸਤਾਵੇਜ਼ ਅਤੇ 17 ਚੈੱਕ ਬੁੱਕਾਂ ਬਰਾਮਦ ਕੀਤੀਆਂ।
11 ਥਾਵਾਂ ‘ਤੇ ਕੀਤੀ ਗਈ ਛਾਪੇਮਾਰੀ
ਸੀਨੀਅਰ ਪੁਲਿਸ ਸੁਪਰਡੈਂਟ (ਐਸ.ਐਸ.ਪੀ.) ਅਵਕਾਸ਼ ਕੁਮਾਰ ਨੇ ਦੱਸਿਆ ਕਿ ਪਟਨਾ ਦੇ ਇਕ ਬਿਲਡਰ ਦੀ ਸ਼ਿਕਾਇਤ ਦੇ ਆਧਾਰ ‘ਤੇ ਯਾਦਵ ਅਤੇ ਪੰਜ ਹੋਰਾਂ ਵਿਰੁੱਧ ਐਫ.ਆਈ.ਆਰ. ਦਰਜ ਕਰਨ ਤੋਂ ਬਾਅਦ ਦਾਨਾਪੁਰ ਅਤੇ ਰਾਜ ਦੀ ਰਾਜਧਾਨੀ ਵਿੱਚ 11 ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ।ਉਨ੍ਹਾਂ ਨੇ ਕਿਹਾ,” ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਪਿਛਲੇ ਕਈ ਦਿਨਾਂ ਤੋਂ ਮੁਲਜ਼ਮਾਂ ਵੱਲੋਂ ਜਬਰੀ ਵਸੂਲੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਇਹ ਵੀ ਦੋਸ਼ ਹੈ ਕਿ ਮੁਲਜ਼ਮਾਂ ਨੇ ਜਾਇਦਾਦ ਨਾਲ ਜੁੜੇ ਕੁਝ ਜਾਅਲੀ ਦਸਤਾਵੇਜ਼ ਤਿਆਰ ਕੀਤੇ। ਸ਼ਿਕਾਇਤਕਰਤਾ ਪਟਨਾ ਦੇ ਖਗੌਲ ਖੇਤਰ ਵਿੱਚ ਇਕ ਅਪਾਰਟਮੈਂਟ ਬਣਾ ਰਿਹਾ ਹੈ। ‘
ਸਾਰੇ ਮੁਲਜ਼ਮ ਫਰਾਰ
ਪਟਨਾ ਦੇ ਪੁਲਿਸ ਸੁਪਰਡੈਂਟ (ਪੱਛਮੀ) ਸ਼ਰਤ ਆਰ.ਐਸ ਨੇ ਕਿਹਾ, “ਐਫ.ਆਈ.ਆਰ. ਦਰਜ ਕਰਨ ਅਤੇ ਸਮਰੱਥ ਅਦਾਲਤ ਤੋਂ ਤਲਾਸ਼ੀ ਵਾਰੰਟ ਪ੍ਰਾਪਤ ਕਰਨ ਤੋਂ ਬਾਅਦ, ਪੁਲਿਸ ਨੇ ਜਨਪ੍ਰਤੀਨਿਧੀ ਦੇ ਦਾਨਾਪੁਰ ਦੇ ਟਿਕਾਣਿਆਂ ਅਤੇ ਉਸਦੇ ਸਾਥੀਆਂ ਨਾਲ ਜੁੜੇ ਸਥਾਨਾਂ ‘ਤੇ ਛਾਪੇਮਾਰੀ ਕੀਤੀ। ਸਾਰੇ ਮੁਲਜ਼ਮ ਫਰਾਰ ਹਨ ਅਤੇ ਪੁਲਿਸ ਨੇ ਅਜੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ। ਦੋਸ਼ੀ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਯਾਦਵ ਦਾਨਾਪੁਰ ਵਿਧਾਨ ਸਭਾ ਸੀਟ ਤੋਂ ਆਰ.ਜੇ.ਡੀ. ਦੇ ਵਿਧਾਇਕ ਹਨ।